ਫੋਕਲ ਪੁਆਇੰਟ ਇਲਾਕੇ ’ਚ ਲੱਗਾ ਜਾਮ, ਘੰਟਿਆਬੱਧੀਂ ਫਸੇ ਰਹੇ ਲੋਕ
ਜਲੰਧਰ ਦੇ ਫੋਕਲ ਪੁਆਇੰਟ ਇਲਾਕੇ ’ਚ ਭਿਆਨਕ ਜਾਮ, ਲੋਕ ਘੰਟਿਆਂ ਫਸੇ
Publish Date: Mon, 09 Mar 2026 10:26 PM (IST)
Updated Date: Mon, 09 Mar 2026 10:30 PM (IST)
-ਪਾਈਪਲਾਈਨ ਦੇ ਕੰਮ ਤੇ ਵੀਆਈਪੀ ਡਿਊਟੀ ਕਾਰਨ ਕਈ ਰਸਤੇ ਬੰਦ
-ਡੇਢ ਕਿਲੋਮੀਟਰ ਦਾ ਸਫਰ ਤੈਅ ਕਰਨ ’ਚ ਲੱਗਿਆ ਡੇਢ ਘੰਟਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਫੋਕਲ ਪੁਆਇੰਟ ਤੇ ਆਸਪਾਸ ਦੇ ਇਲਾਕਿਆਂ ’ਚ ਸੋਮਵਾਰ ਨੂੰ ਭਿਆਨਕ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ। ਸਵੇਰੇ ਤੋਂ ਹੀ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਹਾਲਾਤ ਇਹੋ ਜਿਹੇ ਰਹੇ ਕਿ ਲਗਭਗ ਡੇਢ ਕਿਲੋਮੀਟਰ ਦਾ ਸਫਰ ਤੈਅ ਕਰਨ ਵਿੱਚ ਲੋਕਾਂ ਨੂੰ ਡੇਢ ਘੰਟੇ ਤੱਕ ਦਾ ਸਮਾਂ ਲੱਗ ਗਿਆ। ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਖੇਤਰ ’ਚ ਇਨ੍ਹਾਂ ਦਿਨਾਂ ਪਾਈਪਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਕਈ ਸੜਕਾਂ ’ਤੇ ਬੈਰੀਕੇਡਿੰਗ ਕਰਕੇ ਰਸਤੇ ਡਾਈਵਰਟ ਕੀਤੇ ਗਏ ਹਨ। ਅਚਾਨਕ ਕੀਤੇ ਗਏ ਇਸ ਟ੍ਰੈਫਿਕ ਡਾਈਵਰਜਨ ਕਾਰਨ ਵਾਹਨਾਂ ਦਾ ਦਬਾਅ ਵਧ ਗਿਆ ਤੇ ਪੂਰੇ ਇਲਾਕੇ ’ਚ ਜਾਮ ਲੱਗ ਗਿਆ।
ਜਾਮ ਦੀ ਸਥਿਤੀ ਫੋਕਲ ਪੁਆਇੰਟ ਤੋਂ ਸੰਜੇ ਗਾਂਧੀ ਨਗਰ ਤੱਕ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਟ੍ਰਾਂਸਪੋਰਟ ਨਗਰ ਤੋਂ ਦੋਆਬਾ ਚੌਕ ਤੇ ਟ੍ਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਵੱਲ ਜਾਣ ਵਾਲੇ ਰਸਤੇ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਦਫ਼ਤਰ ਜਾਣ ਵਾਲੇ ਕਰਮਚਾਰੀ, ਸਕੂਲੀ ਬੱਚੇ ਤੇ ਕੰਮਕਾਜ ਲਈ ਨਿਕਲੇ ਲੋਕ ਕਾਫ਼ੀ ਦੇਰ ਤੱਕ ਜਾਮ ਵਿੱਚ ਫਸੇ ਰਹੇ। ਉਧਰ, ਜਲੰਧਰ-ਪਠਾਨਕੋਟ ਚੌਕ ਨੇੜੇ ਵੀਆਈਪੀ ਡਿਊਟੀ ਦੇ ਚੱਲਦੇ ਕੁਝ ਸਮੇਂ ਲਈ ਰਸਤੇ ਬੰਦ ਕੀਤੇ ਗਏ ਸਨ। ਇਸ ਨਾਲ ਪਹਿਲਾਂ ਤੋਂ ਲੱਗੇ ਜਾਮ ਦੀ ਸਮੱਸਿਆ ਹੋਰ ਵੀ ਵੱਧ ਗਈ। ਕਈ ਵਾਹਨ ਚਾਲਕਾਂ ਨੂੰ ਘੰਟਿਆਂ ਤੱਕ ਸੜਕਾਂ ’ਤੇ ਇੰਤਜ਼ਾਰ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਸੜਕ ’ਤੇ ਚੱਲ ਰਹੇ ਨਿਰਮਾਣ ਕੰਮ ਅਤੇ ਟ੍ਰੈਫਿਕ ਪ੍ਰਬੰਧਨ ਦੀ ਕਮੀ ਕਾਰਨ ਅਕਸਰ ਇਸ ਇਲਾਕੇ ਵਿੱਚ ਜਾਮ ਦੀ ਸਥਿਤੀ ਬਣ ਜਾਂਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਈਪਲਾਈਨ ਦੇ ਕੰਮ ਦੌਰਾਨ ਟ੍ਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਧੀਆ ਪ੍ਰਬੰਧ ਕੀਤੇ ਜਾਣ, ਤਾਂ ਜੋ ਆਮ ਲੋਕਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।