ਹੋਲੀ ’ਤੇ ਰੰਗਾਂ ਨਾਲ ਮਿਠਾਸ ਵਧਾਉਣਗੇ ਰਵਾਇਤੀ ਵਿਅੰਜਨ
ਹੋਲੀ ’ਤੇ ਰੰਗਾਂ ਨਾਲ ਮਿਠਾਸ ਵਧਾਉਣਗੇ ਪਰੰਪਰਾਗਤ ਵਿਅੰਜਨ
Publish Date: Sat, 28 Feb 2026 10:01 PM (IST)
Updated Date: Sat, 28 Feb 2026 10:04 PM (IST)

-ਫਲੇਵਰ ਵਾਲੀਆਂ ਗੁਜੀਆ ਬਣੀਆਂ ਮਨਪਸੰਦ, ਗਿਫਟ ਪੈਕ ’ਚ ਵੀ ਉਤਾਰੀ ਨਵੀਂ ਵੈਰਾਇਟੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਦਾ ਹੀ ਨਹੀਂ, ਸਗੋਂ ਰਵਾਇਤੀ ਵਿਅੰਜਨਾਂ ਦੀ ਮਿਠਾਸ ਦਾ ਵੀ ਹੁੰਦਾ ਹੈ। ਖ਼ਾਸ ਕਰਕੇ ਇਸ ਤਿਉਹਾਰ ਨਾਲ ਜੁੜੀਆਂ ਗੁਜੀਆ ਤੇ ਰੰਗ-ਬਿਰੰਗਾ ਕਰਾਚੀ ਹਲਵਾ ਇਸ ਵਾਰ ਖ਼ਾਸ ਲੁੱਕ ’ਚ ਤਿਆਰ ਕੀਤਾ ਗਿਆ ਹੈ। ਹਾਲਾਂਕਿ ਕਈ ਲੋਕ ਘਰਾਂ ’ਚ ਵੀ ਗੁਜੀਆ ਤੇ ਪਕੌੜੇ ਬਣਾਉਂਦੇ ਹਨ ਪਰ ਸ਼ਹਿਰ ਦੇ ਹਲਵਾਈ ਇਸ ਮੌਕੇ ਦੀ ਉਡੀਕ ਕਰਦੇ ਹਨ। ਇਸੇ ਕਰਕੇ ਹੋਲੀ ਤੋਂ ਪਹਿਲਾਂ ਹੀ ਦੁਕਾਨਾਂ ’ਤੇ ਵੱਖ-ਵੱਖ ਸਾਈਜ਼ ਤੇ ਵੈਰਾਇਟੀ ਦੀਆਂ ਗੁਜੀਆ ਮੁੱਖ ਤੌਰ ’ਤੇ ਡਿਸਪਲੇ ਕੀਤੀਆਂ ਗਈਆਂ ਹਨ ਤੇ ਲੋਕਾਂ ਨੇ ਅਡਵਾਂਸ ਬੁਕਿੰਗ ਵੀ ਕਰਵਾ ਲਈ ਹੈ। ਹੋਲਾਸ਼ਟਕ ਦੌਰਾਨ ਵਿਆਹਾਂ ਦਾ ਸੀਜ਼ਨ ਆਫ਼ ਹੋਣ ਨਾਲ ਹਲਵਾਈਆਂ ਦਾ ਕੰਮ ਪ੍ਰਭਾਵਿਤ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ। ਗੁਜੀਆ ਦੇ ਨਾਲ-ਨਾਲ ਵੱਖ-ਵੱਖ ਰੰਗਾਂ ਦੀਆਂ ਮਿਠਾਈਆਂ ਵੀ ਇਸ ਮੌਕੇ ਲਈ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਸੁਆਦ ਲੋਕ ਗੁਲਾਲ ਖੇਡਣ ਤੋਂ ਬਾਅਦ ਲੈਣਗੇ। ਸਮੇਂ ਦੇ ਨਾਲ ਹੋਲੀ ’ਤੇ ਇਕ-ਦੂਜੇ ਨੂੰ ਤੋਹਫ਼ੇ ਦੇਣ ਦੀ ਰਵਾਇਤ ਵੀ ਵਧੀ ਹੈ, ਜਿਸ ਕਰਕੇ ਖ਼ਾਸ ਗਿਫਟ ਬਾਕਸ ਵੀ ਤਿਆਰ ਕੀਤੇ ਗਏ ਹਨ। -------------------------- ਖੋਏ ਵਾਲੀਆਂ ਫਲੇਵਰ ਗੁਜੀਆ ਦੀ ਵੱਧ ਮੰਗ ਇਸ ਵਾਰ ਬਾਜ਼ਾਰ ’ਚ ਖੋਏ ਵਾਲੀਆਂ ਗੁਜੀਆ ਵੱਖ-ਵੱਖ ਫਲੇਵਰਾਂ ’ਚ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕਾਫੀ ਮੰਗ ਹੈ। ਇਸ ਬਾਰੇ ਓਲਡ ਜੀਟੀ ਰੋਡ ਤੋਂ ਸ਼ਕਤੀ ਨਗਰ ਨੂੰ ਜਾਂਦੀ ਸੜਕ ’ਤੇ ਸਥਿਤ ਸਾਹਨੀ ਸਵੀਟਸ ਦੇ ਅਰੁਣ ਸਾਹਨੀ ਤੇ ਵਰੁਣ ਸਾਹਨੀ ਨੇ ਦੱਸਿਆ ਕਿ ਗੁਜੀਆ ਬਣਾਉਂਦੇ ਸਮੇਂ ਡ੍ਰਾਈ ਫਰੂਟ ਪੀਸ ਕੇ ਮਿਲਾਇਆ ਗਿਆ ਹੈ, ਜਿਸ ਨਾਲ ਖੋਏ ਦੇ ਨਾਲ ਡ੍ਰਾਈ ਫਰੂਟ ਦਾ ਸੁਆਦ ਵੀ ਆਵੇਗਾ ਤੇ ਚੱਬਣ ਦੀ ਲੋੜ ਨਹੀਂ ਪਵੇਗੀ। ਇਸ ਵਾਰ ਰੰਗ-ਬਿਰੰਗੀ ਬਰਫ਼ੀ ਤੇ ਕਰਾਚੀ ਹਲਵਾ ਵੀ ਤਿਆਰ ਕੀਤਾ ਗਿਆ ਹੈ। ਕਰਾਚੀ ਹਲਵੇ ਨੂੰ ਹੋਲੀ ਥੀਮ ’ਤੇ ਲਾਲ ਤੇ ਹਰੇ ਰੰਗ ’ਚ ਬਣਾਇਆ ਗਿਆ ਹੈ, ਜਦਕਿ ਬਰਫ਼ੀ ਨੂੰ ਚਾਕਲੇਟ, ਹਰਾ ਤੇ ਗੁਲਾਬੀ ਰੰਗ ਦਿੱਤਾ ਗਿਆ ਹੈ। ------------------------- ਗਿਫਟ ਪੈਕ ਬਣੇ ਖਾਸ ਖਿੱਚ ਦਾ ਕੇਂਦਰ ਹੋਲੀ ’ਤੇ ਇਕ-ਦੂਜੇ ਨੂੰ ਤੋਹਫ਼ੇ ਦੇਣ ਦਾ ਰਿਵਾਜ ਕਾਫ਼ੀ ਵਧ ਗਿਆ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਹਲਵਾਈਆਂ ਨੇ ਖ਼ਾਸ ਗਿਫਟ ਪੈਕ ਤਿਆਰ ਕੀਤੇ ਹਨ, ਜਿਨ੍ਹਾਂ ’ਚ ਮਿਠਾਈ ਦੇ ਨਾਲ ਗੁਲਾਲ ਦਾ ਪੈਕਟ ਤੇ ਬਣਾਉਟੀ ਫੁੱਲ ਵੀ ਸ਼ਾਮਲ ਹਨ। ਖ਼ਾਸ ਕਰਕੇ ਨਵੇ ਵਿਆਹ ਜਾਂ ਨਵਜਨਮੇ ਬੱਚੇ ਵਾਲੇ ਪਰਿਵਾਰ ਇਹ ਤਿਉਹਾਰ ਵੱਡੇ ਪੱਧਰ ’ਤੇ ਮਨਾਉਂਦੇ ਹਨ ਤੇ ਰਿਸ਼ਤੇਦਾਰਾਂ ਨੂੰ ਸੱਦਾ ਦੇਣ ਸਮੇਂ ਤੋਹਫ਼ੇ ਦੇਣ ਦੀ ਰਵਾਇਤ ਨਿਭਾਈ ਜਾਂਦੀ ਹੈ। ਬਾਜ਼ਾਰ ’ਚ ਇਨ੍ਹਾਂ ਗਿਫਟ ਪੈਕਾਂ ਦੀ ਕੀਮਤ ਲਗਭਗ 400 ਰੁਪਏ ਤੋਂ ਸ਼ੁਰੂ ਹੋ ਕੇ ਗਾਹਕ ਦੀ ਮੰਗ ਮੁਤਾਬਕ ਵਧਦੀ ਹੈ। ਇਸ ਤੋਂ ਇਲਾਵਾ ਕਸਟਮਾਈਜ਼ਡ ਗਿਫਟ ਪੈਕ ਵੀ ਤਿਆਰ ਕੀਤੇ ਜਾ ਰਹੇ ਹਨ।