ਵਪਾਰੀਆਂ ਦੀ ਹੜਤਾਲ ਟਲੀ, 30 ਸਤੰਬਰ ਤੱਕ ਦਾ ਮਿਲੇਗਾ ਜੀਐੱਸਟੀ ਰਿਫੰਡ
ਵਪਾਰੀਆਂ ਦੀ ਹੜਤਾਲ ਟਲੀ, 30 ਸਤੰਬਰ ਤੱਕ ਦਾ ਮਿਲੇਗਾ ਜੀਐੱਸਟੀ ਰਿਫੰਡ
Publish Date: Thu, 15 Jan 2026 07:07 PM (IST)
Updated Date: Fri, 16 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਪਾਰੀਆਂ ਨੂੰ 30 ਸਤੰਬਰ ਤੱਕ ਦਾ ਰੁਕਿਆ ਹੋਇਆ ਜੀਐੱਸਟੀ ਰਿਫੰਡ ਜਲਦੀ ਮਿਲੇਗਾ। ਵੀਰਵਾਰ ਨੂੰ ਵਿਭਾਗ ਵੱਲੋਂ ਰਿਫੰਡ ਜਾਰੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਵਪਾਰੀਆਂ ਦਾ 31 ਜੁਲਾਈ ਤੋਂ ਜੀਐੱਸਟੀ ਰਿਫੰਡ ਬਕਾਇਆ ਪਿਆ ਹੋਇਆ ਸੀ। ਜੀਐੱਸਟੀ ਰਿਫੰਡ ਨਾ ਮਿਲਣ ਕਾਰਨ ਵਪਾਰਕ ਸੰਗਠਨਾਂ ਨੇ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਸੀ ਪਰ ਹੁਣ ਹੜਤਾਲ ਟਲ ਗਈ ਹੈ। ਜਲੰਧਰ ਦੇ ਸਟੇਟ ਟੈਕਸ ਵਿਭਾਗ ਦੇ ਸਹਾਇਕ ਕਮਿਸ਼ਨਰ ਸੁਨੀਲ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਹੀ ਫੈਸਲਾ ਲਿਆ ਗਿਆ ਹੈ ਕਿ ਵਪਾਰੀਆਂ ਨੂੰ 30 ਸਤੰਬਰ ਤੱਕ ਦਾ ਰਿਫੰਡ ਕਰ ਦਿੱਤਾ ਜਾਵੇ। ਵਿਭਾਗ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਅਕਤੂਬਰ ਤੇ ਨਵੰਬਰ ਦਾ ਹੀ ਬਕਾਇਆ ਰਹਿ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਵਪਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਨਵਰਟਿਡ ਡਿਊਟੀ ਸਟਰੱਕਚਰ ਕਾਰਨ ਕੱਚੇ ਮਾਲ ’ਤੇ 18 ਫ਼ੀਸਦੀ ਟੈਕਸ ਤੇ ਤਿਆਰ ਮਾਲ ’ਤੇ 5 ਫੀਸਦੀ ਟੈਕਸ ਹੋਣ ਨਾਲ ਉਨ੍ਹਾਂ ਦੇ ਕਰੋੜਾਂ ਰੁਪਏ ਵਿਭਾਗ ਕੋਲ ਫਸੇ ਪਏ ਹਨ, ਜਿਸ ਕਾਰਨ ਵਰਕਿੰਗ ਕੈਪੀਟਲ ਦੀ ਕਮੀ ਬਣ ਗਈ ਹੈ। ਵਪਾਰੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਟੈਕਸ ਰਿਫੰਡ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਏ। ਉਨ੍ਹਾਂ ਕਿਹਾ ਕਿ ਸਟੇਟ ਟੈਕਸ ਵਿਭਾਗ ਵੱਲੋਂ ਰਿਫੰਡ ਸਟੇਟਸ ਦਾ ਡਾਟਾ ਆਨਲਾਈਨ ਨਹੀਂ ਕੀਤਾ ਜਾਂਦਾ, ਜਦਕਿ ਸੈਂਟ੍ਰਲ ਜੀਐਸਟੀ ਸਮੇਂ ਸਿਰ ਜਾਰੀ ਹੋ ਰਿਹਾ ਹੈ। ਸਟੇਟ ਟੈਕਸ ਰਿਫੰਡ ਲੈਣ ਲਈ ਵਪਾਰੀਆਂ ਨੂੰ ਸੜਕਾਂ ’ਤੇ ਉਤਰਨਾ ਪੈਂਦਾ ਹੈ, ਜਿਸ ਨਾਲ ਸਮਾਂ ਵੀ ਬਰਬਾਦ ਹੁੰਦਾ ਹੈ ਅਤੇ ਵਪਾਰ ਨੂੰ ਵੀ ਨੁਕਸਾਨ ਪੈਂਦਾ ਹੈ। ਜਲੰਧਰ ਇੰਡਸਟਰੀ ਦਾ ਹੱਬ ਹੈ ਅਤੇ ਇੱਥੋਂ ਦੇ ਵਪਾਰੀਆਂ ਦਾ ਟੈਕਸ ਵਿੱਚ ਯੋਗਦਾਨ ਵੀ ਕਾਫ਼ੀ ਵੱਧ ਹੈ। ਇਸ ਸਬੰਧੀ ਸਹਾਇਕ ਕਮਿਸ਼ਨਰ ਸੁਨੀਲ ਕੁਮਾਰ ਨੇ ਕਿਹਾ ਕਿ ਹਰ ਜ਼ਿਲ੍ਹੇ ਕੋਲ ਆਪਣਾ ਜੀਐਸਟੀ ਡਾਟਾ ਹੁੰਦਾ ਹੈ ਅਤੇ ਕਿੰਨਾ ਜੀਐਸਟੀ ਰਿਫੰਡ ਹੋਇਆ ਹੈ, ਉਸ ਦੀ ਜਾਣਕਾਰੀ ਵੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਸਤੰਬਰ ਤੱਕ ਦਾ ਜੀਐੱਸਟੀ ਰਿਫੰਡ ਵਪਾਰੀਆਂ ਨੂੰ ਕਰ ਦਿੱਤਾ ਜਾਵੇਗਾ। ਹਾਲ ਹੀ ’ਚ ਹੋਈ ਮੀਟਿੰਗ ਦੌਰਾਨ ਵੀ ਰਿਫੰਡ ਜਲਦੀ ਵਾਪਸ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ।