ਵਪਾਰੀ ਕਮਿਸ਼ਨ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਮੀਟਿੰਗ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਪਾਰਕ ਵਰਗ ਤੇ ਆਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਮੀਨੀ ਪੱਧਰ ‘ਤੇ ਹੱਲ ਕੱਢਣ ਦੇ ਮਕਸਦ ਨਾਲ ਵਪਾਰੀ ਕਮਿਸ਼ਨ ਵੱਲੋਂ ਸ਼ਾਹਕੋਟ ਵਿਖੇ ਇਕ ਮੀਟਿੰਗ ਕੀਤੀ ਗਈ। ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਕਰਵਾਈ ਵਿਸ਼ੇਸ਼ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ। ਮੀਟਿੰਗ ਦੀ ਅਹਿਮ ਗੱਲ ਇਹ ਰਹੀ ਕਿ ਇਸ ਵਿਚ ਪ੍ਰਸ਼ਾਸਨਿਕ ਅਤੇ ਵਿਭਾਗੀ ਅਧਿਕਾਰੀਆਂ ਨੇ ਮੌਕੇ ‘ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮੀਟਿੰਗ ਵਿੱਚ ਪਾਵਰਕਾਮ (ਬਿਜਲੀ ਵਿਭਾਗ), ਨਗਰ ਪੰਚਾਇਤ, ਫੂਡ ਸਪਲਾਈ ਵਿਭਾਗ, ਈ.ਟੀ.ਓ (ਜੀਐੱਸਟੀ ਵਿਭਾਗ), ਐੱਸਡੀਐੱਮ ਦਫ਼ਤਰ ਦੇ ਨੁਮਾਇੰਦੇ ਅਤੇ ਪੁਲਿਸ ਵਿਭਾਗ ਸਮੇਤ ਹੋਰ ਕਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਅਧਿਕਾਰੀਆਂ ਦੀ ਇਸ ਸਾਂਝੀ ਮੌਜੂਦਗੀ ਨੇ ਵਪਾਰੀਆਂ ਵਿਚ ਇਹ ਵਿਸ਼ਵਾਸ ਪੈਦਾ ਕੀਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰਹਿਣਗੀਆਂ, ਸਗੋਂ ਉਨ੍ਹਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ਼ਾਹਕੋਟ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਯੂਨੀਅਨਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪੋ-ਆਪਣੇ ਕਾਰੋਬਾਰਾਂ ਅਤੇ ਸ਼ਹਿਰ ਦੀਆਂ ਆਮ ਸਮੱਸਿਆਵਾਂ ਬਾਰੇ ਅਧਿਕਾਰੀਆਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ।
ਰੈਡੀਮੇਡ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ ਨੇ ਸ਼ਹਿਰ ਵਿਚ ਸਾਫ਼-ਸਫ਼ਾਈ ਦੇ ਪ੍ਰਬੰਧ, ਸੀਵਰੇਜ ਦੀ ਸਮੱਸਿਆ, ਬਜ਼ਾਰਾਂ ਵਿਚ ਟ੍ਰੈਫਿਕ ਤੇ ਹੋਰ ਪ੍ਰਬੰਧਾਂ ਬਾਰੇ ਨਗਰ ਪੰਚਾਇਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਕਰਿਆਨਾ ਯੂਨੀਅਨ ਦੇ ਆਗੂ ਅਸ਼ਵਨੀ ਜਿੰਦਲ ਵੱਲੋਂ ਨਸ਼ੇੜੀਆਂ ‘ਤੇ ਕਾਬੂ ਪਾਉਣ ਅਤੇ ਓਟ ਸੈਂਟਰ ਨੂੰ ਸਰਕਾਰੀ ਹਸਪਤਾਲ ਤੋਂ ਤਬਦੀਲ ਕਰਨ ਦੀ ਮੰਗ ਰੱਖੀ ਗਈ। ‘ਆਪ’ ਆਗੂ ਕੁਲਦੀਪ ਸਿੰਘ ਦੀਦ ਨੇ ਬਾਜ਼ਾਰਾਂ ਵਿਚ ਬਿਜਲੀ ਦੀਆਂ ਨੰਗੀਆਂ ਤਾਰਾਂ ਤੇ ਹੋਰ ਸਮੱਸਿਆਵਾਂ ਉਜਾਗਰ ਕੀਤੀਆਂ। ਇਸ ਮੌਕੇ ਈਟੀਓ ਨਵਤੇਜ ਸਿੰਘ, ਕਾਰਜ ਸਾਧਕ ਅਫਸਰ ਜਗਤਾਰ ਸਿੰਘ, ਏਐੱਫਐੱਸਓ ਅਰੁਣ ਕਪੂਰ, ਇੰਸਪੈਕਟਰ ਬਲਕਾਰ ਸਿੰਘ, ਪਾਵਰਕਾਮ ਦੇ ਜੇਈ ਰੁਪਿੰਦਰਜੀਤ ਸਿੰਘ, ਮੁਨਸ਼ੀ ਸੁਖਦੇਵ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਸੁਝਾਵਾਂ ਨੂੰ ਲਿਖਤੀ ਰੂਪ ਵਿਚ ਨੋਟ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਹਰ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਅਤੇ ਨਿਰਧਾਰਤ ਸਮੇਂ ਦੇ ਅੰਦਰ ਨਿਪਟਾਰਾ ਕੀਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਪਾਰੀ ਕਮਿਸ਼ਨਰ ਦੇ ਚੇਅਰਮੈਨ ਅਸ਼ਵਨੀ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀਆਂ ਅਤੇ ਆਮ ਲੋਕਾਂ ਦੀ ਹਮਦਰਦ ਸਰਕਾਰ ਹੈ। ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਪ੍ਰਸ਼ਾਸਨ ਖੁਦ ਚੱਲ ਕੇ ਲੋਕਾਂ ਵਿਚਕਾਰ ਆਵੇ ਅਤੇ ਇੱਕੋ ਛੱਤ ਹੇਠਾਂ ਵੱਖ-ਵੱਖ ਵਿਭਾਗਾਂ ਨਾਲ ਜੁੜੇ ਮਸਲੇ ਹੱਲ ਕੀਤੇ ਜਾ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਪਾਰੀ ਵਰਗ ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਅਤੇ ਉਨ੍ਹਾਂ ਦੇ ਕਾਰੋਬਾਰੀ ਮਾਹੌਲ ਨੂੰ ਬਿਹਤਰ ਬਣਾਉਣ ਲਈ ਟ੍ਰੇਡ ਵਿੰਗ ਹਮੇਸ਼ਾ ਯਤਨਸ਼ੀਲ ਰਹੇਗਾ। ਸਟੇਜ ਦੀ ਕਾਰਵਾਈ ‘ਆਪ’ ਆਗੂ ਜਸਪਾਲ ਸਿੰਘ ਮਿਗਲਾਨੀ ਨੇ ਚਲਾਈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਐੱਮਸੀ ਰਾਖੀ ਮੱਟੂ, ਸ਼ਿਵ ਨਰਾਇਣ ਗੁਪਤਾ, ਬਲਜਿੰਦਰ ਸਿੰਘ ਖਿੰਡਾ, ਰੂਪ ਲਾਲ ਸ਼ਰਮਾ, ਕੋਆਰਡੀਨੇਟਰ ਸਰੋਜ ਢੰਡ, ਨਵਜੋਤ ਕੌਰ ਸਹੋਤਾ, ਨਿਰਦੋਸ਼ ਕੁਮਾਰ ਇੰਸਪੈਕਟਰ, ਭਾਰਤ ਭੂਸ਼ਨ ਜੈਨ, ਗੁਰਮੁਖ ਸਿੰਘ ਬੱਟੂ, ਅਮਰਜੀਤ ਸਿੰਘ ਰੱਖੜਾ, ਬੈਜ ਨਾਥ ਅਗਰਵਾਲ, ਅਮਰਪ੍ਰੀਤ ਸਿੰਘ ਮਿੰਟਾ, ਕੁਲਵੰਤ ਸਿੰਘ ਸਿੱਧੂ ਸਮੇਤ ਹੋਰ ਸ਼ਹਿਰ ਵਾਸੀ ਹਾਜ਼ਰ ਸਨ।