ਐਕਸਲ ਟੁੱਟਣ ਕਾਰਨ ਰੇਲਵੇ ਲਾਈਨਾਂ ਖੜ੍ਹੀ ਰਹੀ ਟਰਾਲੀ
ਇੱਟਾਂ ਨਾਲ ਭਰੀ ਟਰਾਲੀ ਦਾ ਐਕਸਲ ਫਾਟਕ ਲੰਘਦੇ ਟੁੱਟਿਆ
Publish Date: Fri, 02 Jan 2026 06:46 PM (IST)
Updated Date: Fri, 02 Jan 2026 06:50 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਟਾਂਡਾ ਫਾਟਕ ’ਤੇ ਸ਼ੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਟਾਂ ਨਾਲ ਭਰੀ ਟਰਾਲੀ ਦਾ ਐਕਸਲ ਟੁੱਟ ਗਿਆ। ਟਰਾਲੀ ਲਾਈਨਾਂ ਵਿਚਾਲੇ ਫਸ ਗਈ, ਜਿਸ ਨਾਲ ਰੇਲ ਤੇ ਸੜਕੀ ਆਵਾਜਾਈ ’ਚ ਵਿਘਨ ਪਿਆ। ਰਿਪੋਰਟਾਂ ਅਨੁਸਾਰ, ਟਰਾਲੀ ਵਿਚ ਲਗਭਗ 5,000 ਇੱਟਾਂ ਲੱਦੀਆਂ ਹੋਈਆਂ ਸਨ। ਲਗਭਗ 50 ਤੋਂ 70 ਲੋਕਾਂ ਨੇ ਟਰਾਲੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਗੇਟਕੀਪਰ ਨੇ ਤੁਰੰਤ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਟਰਾਲੀ ਲਗਭਗ ਡੇਢ ਘੰਟੇ ਤੱਕ ਰੇਲਵੇ ਲਾਈਨ ’ਤੇ ਖੜ੍ਹੀ ਰਹੀ। ਇਸ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਫਾਟਕ ਬੰਦ ਕਰ ਦਿੱਤੇ ਗਏ। ਮਜ਼ਦੂਰਾਂ ਨੇ ਟਰਾਲੀ ਤੋਂ ਇੱਟਾਂ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਸਮੇਂ ਦੀ ਘਾਟ ਕਾਰਨ ਟਰਾਲੀ ਨੂੰ ਕਰੇਨ ਰਾਹੀਂ ਇਕ ਪਾਸੇ ਕਰਵਾਇਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਟਰਾਲੀ ਡਰਾਈਵਰ ਨੇ ਦੱਸਿਆ ਕਿ ਉਹ ਮੋਗਾ ਤੋਂ ਪਠਾਨਕੋਟ ਚੌਕ ਜਾ ਰਿਹਾ ਸੀ। ਜਿਵੇਂ ਹੀ ਉਹ ਟਾਂਡਾ ਗੇਟ ਨੇੜੇ ਰੇਲਵੇ ਟਰੈਕ ’ਤੇ ਪੁੱਜਾ ਟਰਾਲੀ ਦਾ ਐਕਸਲ ਅਚਾਨਕ ਟੁੱਟ ਗਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਰਪੀਐੱਫ ਪੁਲਿਸ ਟੀਮਾਂ ਤੇ ਰੇਲਵੇ ਵਿਭਾਗ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।