ਸਬਜ਼ੀ ਦੀ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹੀ
ਪਿੱਛੋਂ ਆ ਰਿਹਾ ਮੋਟਰਸਾਈਕਲ
Publish Date: Sat, 28 Feb 2026 11:39 PM (IST)
Updated Date: Sat, 28 Feb 2026 11:40 PM (IST)
ਪਿੱਛੋਂ ਆ ਰਿਹਾ ਮੋਟਰਸਾਈਕਲ ਸਵਾਰ ਟਰਾਲੀ ’ਚ ਵੱਜ ਕੇ ਹੋਇਆ ਜ਼ਖਮੀ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਦੇਰ ਰਾਤ ਡੀਏਵੀ ਕਾਲਜ ਦਾ ਪੁਲ ਉਤਰਦਿਆਂ ਸਾਰ ਹੀ ਇਕ ਟਰੈਕਟਰ ਨਾਲ ਟਰਾਲੀ ਦੇ ਪਿੱਛੇ ਜੋੜੀ ਹੋਈ ਇੱਕ ਹੋਰ ਟਰਾਲੀ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹੀ। ਦੱਸਿਆ ਜਾ ਰਿਹਾ ਹੈ ਕਿ ਚਲਾਕ ਟਰੈਕਟਰ-ਟਰਾਲੀ ਪਿੱਛੇ ਇਕ ਹੋਰ ਟਰਾਲੀ ਜੋੜ ਕੇ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਸਬਜ਼ੀ ਲੈ ਕੇ ਆ ਰਿਹਾ ਸੀ। ਚਾਲਕ ਨੇ ਦੱਸਿਆ ਕਿ ਉਸ ਦੇ ਅੱਗੇ ਕਿਸੇ ਵਾਹਨ ਵੱਲੋਂ ਬਰੇਕ ਲਾਏ ਜਾਣ ’ਤੇ ਉਸ ਵੱਲੋਂ ਪੁਲ ਉਤਰਦਿਆਂ ਬਰੇਕ ਲਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬਰੇਕ ਲਾਉਂਦਿਆਂ ਸਾਰ ਹੀ ਟਰੈਕਟਰ-ਟਰਾਲੀ ਬੇਕਾਬੂ ਹੋ ਗਈ ਤੇ ਬੇਕਾਬੂ ਹੋਈ ਟਰਾਲੀ ਡਿਵਾਈਡਰ ’ਤੇ ਜਾ ਚੜ੍ਹੀ। ਖੁਸ਼ਕਿਸਮਤੀ ਨਾਲ ਉਹ ਤਾਂ ਸੁਰੱਖਿਅਤ ਰਿਹਾ ਪਰ ਉਸ ਦੇ ਪਿੱਛੇ ਆ ਰਿਹਾ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਰਾਹਗੀਰਾਂ ਵੱਲੋਂ ਚੁੱਕ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸਾ ਵਾਪਰਨ ਦੌਰਾਨ ਪੁਲ ਉਪਰ ਟ੍ਰੈਫਿਕ ਜਾਮ ਹੋ ਗਿਆ। ਪੁਲ ਉੱਪਰ ਲੰਮਾ ਜਾਮ ਲੱਗਣ ਕਰ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਹੀ ਜੱਦੋ-ਜਹਿਦ ਕਰਕੇ ਟ੍ਰੈਫਿਕ ਬਹਾਲ ਕਰਵਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਹਾਦਸਾ ਵਾਪਰਨ ਉਪਰੰਤ ਪੁਲ ’ਤੇ ਲੰਮਾ ਜਾਮ ਲੱਗਣ ਦੇ ਬਾਵਜੂਦ ਕੋਈ ਵੀ ਪੁਲਿਸ ਅਧਿਕਾਰੀ ਮੌਕੇ ’ਤੇ ਨਾ ਪੁੱਜਾ। ਜ਼ਖਮੀ ਵਿਅਕਤੀ ਦੀ ਮੌਕੇ ’ਤੇ ਪਛਾਣ ਨਹੀਂ ਹੋ ਸਕੀ।