ਮਹਿਤਪੁਰ ’ਚ ਕੱਢੀ ਟਰੈਕਟਰ ਪਰੇਡ
ਮਹਿਤਪੁਰ ’ਚ ਟਰੈਕਟਰ ਪਰੇਡ, ਕਿਸਾਨ ਸੰਘਰਸ਼ ਨੂੰ ਕੀਤਾ ਯਾਦ
Publish Date: Mon, 23 Mar 2026 06:47 PM (IST)
Updated Date: Mon, 23 Mar 2026 06:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਤੇ 26 ਜਨਵਰੀ ਨੂੰ ਦਿੱਲੀ ’ਚ ਕੀਤੀ ਗਈ ਟਰੈਕਟਰ ਪਰੇਡ ਦੀ ਯਾਦ ’ਚ ਅੱਜ ਮਹਿਤਪੁਰ ’ਚ ਵੱਡੇ ਪੱਧਰ ’ਤੇ ਟਰੈਕਟਰ ਪਰੇਡ ਕੱਢੀ ਗਈ। ਇਹ ਪਰੇਡ ਕਿਰਤੀ ਕਿਸਾਨ ਯੂਨੀਅਨ ਤੇ ਆਲ ਇੰਡੀਆ ਕਿਸਾਨ ਸਭਾ 1936 ਵੱਲੋਂ ਸਾਂਝੇ ਤੌਰ ’ਤੇ ਕਰਵਾਈ। ਪਰੇਡ ਵੱਖ-ਵੱਖ ਪਿੰਡਾਂ ’ਚੋਂ ਹੁੰਦੀ ਹੋਈ ਸ਼ਹਿਰ ’ਚ ਪੁੱਜੀ ਤੇ ਅੰਤ ’ਚ ਸਮਾਪਤ ਹੋਈ। ਇਸ ਮੌਕੇ ਅਗਵਾਈ ਕਰ ਰਹੇ ਆਗੂਆਂ ਰਜਿੰਦਰ ਮੰਡ, ਬਚਨ ਸਿੰਘ, ਸੰਦੀਪ ਅਰੋੜਾ ਤੇ ਦਿਲਬਾਗ ਸਿੰਘ ਚੰਦੀ ਨੇ ਕਿਹਾ ਕਿ ਦਿੱਲੀ ’ਚ ਕੀਤੀ ਟਰੈਕਟਰ ਪਰੇਡ ਕਿਸਾਨ ਸੰਘਰਸ਼ ਦਾ ਇਤਿਹਾਸਕ ਹਿੱਸਾ ਸੀ, ਜਿਸ ਕਾਰਨ ਕੇਂਦਰ ਸਰਕਾਰ ਨੂੰ ਤਿੰਨ ਕਾਨੂੰਨ ਵਾਪਸ ਲੈਣੇ ਪਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਕੇਂਦਰ ਤੇ ਪੰਜਾਬ ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਨਵੇਂ ਕਾਨੂੰਨ ਲਿਆ ਰਹੀਆਂ ਹਨ, ਜਿਵੇਂ ਬਿਜਲੀ ਬਿੱਲ, ਸੀਡ ਬਿੱਲ ਤੇ ਮਨਰੇਗਾ ਨਾਲ ਸੰਬੰਧਿਤ ਬਦਲਾਅ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਕਾਨੂੰਨ ਲਾਗੂ ਹੋਏ ਤਾਂ ਕਿਸਾਨਾਂ ਤੇ ਮਜ਼ਦੂਰਾਂ ’ਤੇ ਭਾਰੀ ਅਸਰ ਪਵੇਗਾ ਤੇ ਆਰਥਿਕ ਸੰਕਟ ਹੋਰ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਚਿੱਪ ਵਾਲੇ ਮੀਟਰ ਲੱਗਣ ਨਾਲ ਬਿਜਲੀ ਸਬਸਿਡੀ ਖਤਮ ਹੋ ਸਕਦੀ ਹੈ ਤੇ ਲੋਕਾਂ ਲਈ ਵੱਡੇ ਬਿੱਲ ਭਰਨਾ ਮੁਸ਼ਕਲ ਹੋ ਜਾਵੇਗਾ। ਮਨਰੇਗਾ ’ਚ ਰੇਸ਼ੋ ਬਦਲਣ ਨਾਲ ਕੰਮ ਮਿਲਣਾ ਵੀ ਹੋਰ ਔਖਾ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰਾਂ ‘ਤੇ ਦਬਾਅ ਬਣਾਉਣ ਲਈ ਟਰੈਕਟਰ ਪਰੇਡਾਂ, ਰੈਲੀਆਂ, ਨੁੱਕੜ ਮੀਟਿੰਗਾਂ ਤੇ ਹੋਰ ਜਾਗਰੂਕਤਾ ਮੁਹਿੰਮਾਂ ਨੂੰ ਹਰ ਪਿੰਡ ਤੇ ਸ਼ਹਿਰ ’ਚ ਜਾਰੀ ਰੱਖਣਾ ਲਾਜ਼ਮੀ ਹੈ। ਇਸ ਮੌਕੇ ਰਵਨੀਤ ਸਿੰਘ ਜੱਜ, ਰਤਨ ਸਿੰਘ, ਬਲਵੀਰ ਸਿੰਘ, ਸਰਬਜੀਤ ਸਿੰਘ ਚੰਦੀ, ਤਰਸਿੰਦਰ ਸਿੰਘ, ਅਮਰਦੀਪ ਢਿੱਲੋਂ, ਗੁਰਪ੍ਰੀਤ ਸਿੰਘ, ਅਜੂਬ ਸਿੰਘ, ਤਰੁਣ ਅਰੋੜਾ, ਸਾਹਿਲ ਅਰੋੜਾ ਤੇ ਪਰਮਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।