ਖੇਤਾਂ ’ਚ ਪਲਟਿਆ ਟਰੈਕਟਰ, ਇਕ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ
ਖੇਤਾਂ ’ਚ ਪਲਟਿਆ ਟਰੈਕਟਰ, ਇਕ ਦੀ ਮੌਤ ਤੇ ਇਕ ਗੰਭੀਰ ਜਖ਼ਮੀ
Publish Date: Thu, 05 Mar 2026 08:48 PM (IST)
Updated Date: Thu, 05 Mar 2026 08:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਪਿੰਡ ਰਾਏਪੁਰ ਤੋਂ ਧੋਗੜੀ ਰੋਡ ’ਤੇ ਸਥਿਤ ਖੇਤਾਂ ’ਚ ਵੀਰਵਾਰ ਦੁਪਹਿਰ ਇਕ ਟਰੈਕਟਰ ਪਲਟਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਟਰੈਕਟਰ ’ਤੇ ਸਵਾਰ ਤਿੰਨ ਵਿਅਕਤੀ ਟਰੈਕਟਰ ਹੇਠਾਂ ਆ ਗਏ, ਜਿਨ੍ਹਾਂ ’ਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਗੁਲਾਬ ਵਜੋਂ ਹੋਈ ਹੈ, ਜੋ ਪਿੰਡ ਰਸਾਡ (ਜ਼ਿਲ੍ਹਾ ਪੁਰਨੀਆ, ਬਿਹਾਰ) ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਬਾਅਦ ਕਰੀਬ ਤਿੰਨ ਘੰਟਿਆਂ ਤੱਕ ਮ੍ਰਿਤਕ ਦੀ ਲਾਸ਼• ਤੇ ਜ਼ਖ਼ਮੀ ਖੇਤਾਂ ’ਚ ਹੀ ਪਏ ਰਹੇ। ਬਾਅਦ ’ਚ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਉਨ੍ਹਾਂ ਨੂੰ ਦੇਖ ਕੇ ਆਦਮਪੁਰ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਆਦਮਪੁਰ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਨੰਦ ਲਾਲ ਨੇ ਦੱਸਿਆ ਕਿ ਉਸ ਦਾ ਭਰਾ ਗੁਲਾਬ ਰਾਏਪੁਰ ਤੋਂ ਧੋਗੜੀ ਰੋਡ ’ਤੇ ਸਥਿਤ ਵਿਨਟੈੱਕ ਫੈਕਟਰੀ ’ਚ ਕੰਮ ਕਰਦਾ ਸੀ ਤੇ ਉੱਥੇ ਹੀ ਰਹਿੰਦਾ ਸੀ। ਉਸ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਫੈਕਟਰੀ ਮਾਲਕ ਤੇ ਫੋਰਮੈਨ ਨੂੰ ਵੀ ਦਿੱਤੀ ਗਈ ਸੀ ਪਰ ਕੋਈ ਵੀ ਮੌਕੇ ’ਤੇ ਨਹੀਂ ਪੁੱਜਾ। ਮਾਮਲੇ ਸਬੰਧੀ ਜਾਂਚ ਅਧਿਕਾਰੀ ਆਦਮਪੁਰ ਦੇ ਏਐੱਸਆਈ ਡੇਵਿਡ ਮਸੀਹ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।