ਸਿਵਲ ਹਸਪਤਾਲ ਦੇ ਵਾਰਡਾਂ ’ਚ ਪਖਾਨੇ ਬੰਦ, ਗੰਦਗੀ ਦਾ ਮਾਹੌਲ
ਵਾਰਡਾਂ ’ਚ ਪਖਾਨੇ ਵੀ ਬਲਾਕ, ਗੰਦਗੀ ਦਾ ਮਾਹੌਲ
Publish Date: Thu, 19 Mar 2026 11:08 PM (IST)
Updated Date: Thu, 19 Mar 2026 11:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਰਾਜ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ’ਚ ਲੋਕਾਂ ਨੂੰ ਹਰ ਰੋਜ਼ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ’ਚ ਸਫਾਈ ਪ੍ਰਬੰਧ ਬੇਹਾਲ ਹੋ ਚੁੱਕੇ ਹਨ ਤੇ ਵਾਰਡਾਂ ’ਚ ਪਖਾਨੇ ਬਲਾਕ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ। ਹਸਪਤਾਲ ਪ੍ਰਸ਼ਾਸਨ ਸਫਾਈ ਕਰਮਚਾਰੀਆਂ ਦੀ ਘਾਟ ਦਾ ਹਵਾਲਾ ਦੇ ਕੇ ਆਪਣੀ ਡਿਊਟੀ ਨਿਭਾਅ ਰਿਹਾ ਹੈ। ਉੱਥੇ ਹੀ ਜੱਚਾ-ਬੱਚਾ ਵਾਰਡ ’ਚ ਪਖਾਨਿਆਂ ਦੀ ਹਾਲਤ ਬਹੁਤ ਖਰਾਬ ਹੈ। ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਵੀ ਖੁਦ ਦੌਰਾ ਕਰਕੇ ਮਾਮਲਾ ਉਠਾਇਆ ਸੀ, ਪਰ ਵਿਭਾਗ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਟਾਫ ਦੀ ਘਾਟ ਪੂਰੀ ਕਰਨ ਲਈ ਪੱਤਰ ਲਿਖੇ ਜਾ ਰਹੇ ਹਨ ਪਰ ਨਤੀਜੇ ਉਹੀ ਹਨ। ਦੂਜੇ ਪਾਸੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ। ਸਿਵਲ ਹਸਪਤਾਲ ਦੇ ਲਗਭਗ ਸਾਰੇ ਵਾਰਡਾਂ ’ਚ ਬਣੇ ਪਖਾਨਿਆਂ ਦੀ ਹਾਲਤ ਖਰਾਬ ਹੋ ਚੁੱਕੀ ਹੈ। ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਜਬੂਰੀ ’ਚ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। ਪਖਾਨਿਆਂ ਨੇੜੇ ਲੱਗੇ ਬਿਸਤਰਾਂ ’ਤੇ ਪਏ ਮਰੀਜ਼ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਦਬੂ ਕਾਰਨ ਪਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਨੂੰ ਮੂੰਹ ਢੱਕ ਕੇ ਗੁਜ਼ਰਨਾ ਪੈਂਦਾ ਹੈ। ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਪਖਾਨਿਆਂ ’ਚ ਗੰਦਗੀ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਗੰਭੀਰ ਸਮੱਸਿਆ ਬਣ ਚੁੱਕੀ ਹੈ। ਪਖਾਨਿਆਂ ਦੇ ਦਰਵਾਜ਼ੇ ਟੁੱਟੇ ਹੋਏ ਹਨ ਤੇ ਸੀਵਰੇਜ ਬਲਾਕ ਹੈ। ਹੱਥ ਧੋਣ ਲਈ ਬਣੇ ਵਾਸ਼ਬੇਸਿਨਾਂ ’ਚ ਗੰਦਾ ਪਾਣੀ ਭਰਿਆ ਹੋਇਆ ਹੈ। ਪਖਾਨੇ ਬਲਾਕ ਹੋਣ ਕਾਰਨ ਉੱਥੇ ਜਾਣ ਤੋਂ ਪਹਿਲਾਂ ਹੀ ਲੋਕ ਮੂੰਹ ਢੱਕਦੇ ਹਨ। ਕੁਝ ਸ਼ੌਚਾਲਿਆਂ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਬੰਦ ਵੀ ਕਰ ਦਿੱਤਾ ਗਿਆ ਹੈ। ਜੱਚਾ-ਬੱਚਾ ਵਾਰਡ ’ਚ ਦਾਖ਼ਲ ਮਰੀਜ਼ ਦੀ ਸਬੰਧੀ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਪਖਾਨਿਆਂ ਦੇ ਦਰਵਾਜ਼ੇ ਟੁੱਟੇ ਹੋਏ ਹਨ। ਪਖਾਨੇ ਤੇ ਵਾਸ਼ਬੇਸਿਨ ਬਲਾਕ ਹੋਣ ਕਾਰਨ ਗੰਦਗੀ ਫੈਲੀ ਹੋਈ ਹੈ ਤੇ ਮਰੀਜ਼ਾਂ ਦੇ ਤਿਲਕਣ ਦਾ ਖਤਰਾ ਵੀ ਬਣਿਆ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ ਇਸ ਸਮੱਸਿਆ ਬਾਰੇ ਸਟਾਫ ਨਾਲ ਗੱਲ ਕੀਤੀ ਗਈ ਪਰ ਉਨ੍ਹਾਂ ਵੱਲੋਂ ਹੱਲ ਦੀ ਥਾਂ ਟਾਲ-ਮਟੋਲ ਕੀਤੀ ਗਈ। ਬੱਚਾ ਵਾਰਡ ’ਚ ਦਾਖ਼ਲ ਬੱਚੇ ਦੀ ਦਾਦੀ ਸੁਸ਼ਮਾ ਵੀ ਇਸ ਸਮੱਸਿਆ ਨਾਲ ਕਾਫ਼ੀ ਪਰੇਸ਼ਾਨ ਹੈ। ਉਸਦਾ ਕਹਿਣਾ ਹੈ ਕਿ ਪਖਾਨੇ ਦੇ ਬਾਹਰ ਵੀ ਬਦਬੂ ਦਾ ਮਾਹੌਲ ਹੈ ਤੇ ਮੂੰਹ ਢੱਕ ਕੇ ਗੁਜ਼ਰਨਾ ਪੈਂਦਾ ਹੈ। ਪਖਾਨਿਆਂ ’ਚ ਸਫਾਈ ਕਰਮਚਾਰੀਆਂ ਵੱਲੋਂ ਕੂੜੇ ਦੇ ਵੱਡੇ ਡਰੰਮ ਰੱਖੇ ਹੋਏ ਹਨ, ਜੋ ਗੰਦਗੀ ਨਾਲ ਭਰੇ ਪਏ ਹਨ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਦਾ ਕਹਿਣਾ ਹੈ ਕਿ ਹਸਪਤਾਲ ’ਚ ਸਫਾਈ ਕਰਮਚਾਰੀਆਂ ਦੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਸੀਵਰੇਜ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ। ਪਾਈਪ ਲੱਗਣ ਤੋਂ ਬਾਅਦ ਸੀਵਰੇਜ ਨੂੰ ਜੋੜ ਦਿੱਤਾ ਜਾਵੇਗਾ। ਨਾਲ ਹੀ ਹਸਪਤਾਲ ਦੇ 130 ਪਖਾਨਿਆਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ।