ਹਰ ਹਫ਼ਤੇ ਲਾਇਆ ਜਾਂਦੈ ਪਲੇਸਮੈਂਟ ਕੈਂਪ : ਡਿਪਟੀ ਡਾਇਰੈਕਟਰ
ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉੋਣ ਲਈ ਜ਼ਿਲ੍ਹਾ
Publish Date: Tue, 17 Feb 2026 07:36 PM (IST)
Updated Date: Tue, 17 Feb 2026 07:39 PM (IST)

-ਨੌਜਵਾਨਾਂ ਨੂੰ ਪਲੇਸਮੈਂਟ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ -ਵੱਖ-ਵੱਖ ਕੰਪਨੀਆਂ ਤੇ ਉਦਯੋਗਿਕ ਇਕਾਈਆਂ ਨੂੰ ਅਸਾਮੀਆਂ ਦਾ ਵੇਰਵਾ ਭੇਜਣ ਦੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ’ਚ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ’ਚ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਹਫ਼ਤੇ ਦੇ ਹਰੇਕ ਬੁੱਧਵਾਰ ਪਲੇਸਮੈਂਟ ਕੈਂਪ ਲਾਇਆ ਜਾਂਦਾ ਹੈ ਤੇ ਇਨ੍ਹਾਂ ਕੈਂਪਾਂ ’ਚ ਅਨਪੜ੍ਹ ਤੋਂ ਲੈ ਕੇ ਅੱਠਵੀਂ, ਦਸਵੀਂ, ਬਾਰਵੀਂ ਆਈਟੀਆਈ, ਪੋਲੀਟੈਕਨਿਕ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਆਦਿ ਵਿੱਦਿਅਕ ਯੋਗਤਾ ਰੱਖਣ ਵਾਲੇ ਹੁਨਰਮੰਦ ਤੇ ਗੈਰ ਹੁਨਰਮੰਦ ਉਮੀਦਵਾਰਾਂ ਨੂੰ ਬੁਲਾ ਕੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਕੋਲੋਂ ਇੰਟਰਵਿਊ ਕਰਵਾਈ ਜਾਂਦੀ ਹੈ ਤਾਂ ਜੋ ਉਮੀਦਵਾਰਾਂ ਨੂੰ ਆਪਣੀ ਮਨਪਸੰਦ ਕੰਪਨੀ ਤੇ ਇਲਾਕੇ ’ਚ ਆਪਣੀ ਯੋਗਤਾ ਅਨੁਸਾਰ ਮਨਪਸੰਦ ਰੁਜ਼ਗਾਰ ਮਿਲ ਸਕੇ ਤੇ ਉਹ ਆਪਣਾ ਭਵਿੱਖ ਬਣਾ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਪਲੇਸਮੈਂਟ ਕੈਂਪਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ’ਚ ਮਦਦ ਕਰਨਾ ਤੇ ਵੱਖ-ਵੱਖ ਉਦਯੋਗਾਂ ਨੂੰ ਲੋੜ ਅਨੁਸਾਰ ਢੁੱਕਵੀਂ ਮੈਨ ਪਾਵਰ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਜ਼ਿਲ੍ਹੇ ਨਾਲ ਸਬੰਧਤ ਨੌਜਵਾਨਾਂ ਨੂੰ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਡਿਪਟੀ ਡਾਇਰੈਕਟਰ ਨੇ ਜ਼ਿਲ੍ਹੇ ਦੇ ਸਮੂਹ ਉਦਯੋਗਪਤੀਆਂ ਨੂੰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਹਰ ਹਫ਼ਤੇ ਲਗਾਏ ਜਾਣ ਵਾਲੇ ਇਨ੍ਹਾਂ ਪਲੇਸਮੈਂਟ ਕੈਂਪਾਂ ’ਚ ਸ਼ਾਮਲ ਹੋਣ ਤੇ ਦਫ਼ਤਰ ਦੇ ਇਸ ਉੱਦਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਕੰਪਨੀਆਂ ਤੇ ਉਦਯੋਗਿਕ ਇਕਾਈਆਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਈ-ਮੇਲ jalandharemployment@gmail.com ’ਤੇ ਅਸਾਮੀਆਂ ਦੇ ਵੇਰਵੇ ਭੇਜ ਸਕਦੀਆਂ ਹਨ ਜਾਂ ਦਫ਼ਤਰ ਵਿਖੇ ਕਮਰਾ ਨੰ. 313, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਮਣੇ ਪੁੱਡਾ ਕੰਪਲੈਕਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਪਹੁੰਚ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰ. 90569-20100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।