ਬੋਲੇਪਨ ਤੋਂ ਬਚਾਅ ਲਈ ਕੰਨਾਂ ਦੀ ਸੰਭਾਲ ਜ਼ਰੂਰੀ : ਡਾ. ਗਰਗ
ਬੋਲੇਪਨ ਤੋਂ ਬਚਾਅ ਲਈ ਕੰਨਾਂ ਦੀ ਸਾਂਭ-ਸੰਭਾਲ ਤੇ ਦੇਖਭਾਲ ਪ੍ਰਤੀ ਸਚੇਤ ਰਹਿਣਾ ਜ਼ਰੂਰੀ: ਸਿਵਲ ਸਰਜਨ ਡਾ. ਰਾਜੇਸ਼ ਗਰਗ
Publish Date: Tue, 03 Mar 2026 06:43 PM (IST)
Updated Date: Tue, 03 Mar 2026 06:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਸੁਣਨ ਸਬੰਧੀ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਸਰਕਾਰੀ ਮਿਡਲ ਸਕੂਲ ਗੜ੍ਹਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ, ਜਿਸਦੀ ਅਗਵਾਈ ਕੰਨਾਂ ਦੇ ਮਾਹਿਰ ਡਾ. ਅਮਨਦੀਪ ਕੌਰ ਤੇ ਡਾ. ਹਰਲੀਨ ਸੈਣੀ ਵੱਲੋਂ ਕੀਤੀ ਗਈ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਤੇ ਸਟਾਫ ਨੂੰ ਸੈਂਸੇਟਾਈਜ਼ ਕੀਤਾ ਗਿਆ। ਸੈਮੀਨਾਰ ਦੌਰਾਨ ਡਾ. ਅਮਨਦੀਪ ਕੌਰ ਤੇ ਹਰਲੀਨ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਾਲ ਵਿਸ਼ਵ ਸੁਣਨ ਸਬੰਧੀ ਦਿਵਸ ਨੂੰ ਭਾਈਚਾਰੇ ਤੋਂ ਕਲਾਸਰੂਮ ਤੱਕ ਸਾਰੇ ਬੱਚਿਆਂ ਲਈ ਸੁਣਨ ਸ਼ਕਤੀ ਦੀ ਦੇਖਭਾਲ ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ, ਜੋ ਕਿ ਦੋ ਜ਼ਰੂਰੀ ਗੱਲਾਂ ਤੇ ਕੇਂਦ੍ਰਿਤ ਹੈ ਬਚਪਨ ’ਚ ਸੁਣਨ ਦੀ ਘਾਟ ਨੂੰ ਟਾਲਣਾ ਤੇ ਕੰਨਾਂ ਜਾਂ ਸੁਣਨ ਦੀਆਂ ਸਮੱਸਿਆਵਾਂ ਵਾਲੇ ਬੱਚਿਆਂ ਦੀ ਜਲਦੀ ਪਛਾਣ ਤੇ ਦੇਖਭਾਲ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਕੋਈ ਵੀ ਬੱਚਾ ਕੰਨਾਂ ਤੇ ਸੁਣਨ ਦੀਆਂ ਸਮੱਸਿਆਵਾਂ ਕਾਰਨ ਪਿੱਛੇ ਨਾ ਰਹੇ। ਉਨ੍ਹਾਂ ਕਿਹਾ ਕਿ ਆਵਾਜ ਪ੍ਰਦੂਸ਼ਨ ਲੋਕਾਂ ’ਚ ਸੁਣਨ ਸ਼ਕਤੀ ਦੇ ਕਮਜੋਰ ਹੋਣ ਦਾ ਵੱਡਾ ਕਾਰਨ ਬਣ ਰਿਹਾ ਹੈ, ਇਸ ਲਈ ਸਾਨੂੰ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਤੇ ਹੈੱਡ ਫੋਨ ਦੀ ਉੱਚੀ ਆਵਾਜ਼ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਮਮਤਾ ਸ਼ਰਮਾ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਕੰਨਾਂ ਦੀ ਦੇਖਭਾਲ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਪਨਾਉਣ ਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਕੰਨਾਂ ਦੀ ਦੇਖਭਾਲ ਪ੍ਰਤੀ ਸਚੇਤ ਕਰਨ ਲਈ ਪ੍ਰੇਰਿਤ ਕੀਤਾ ਗਿਆ। --------------------------- ਕੰਨਾ ’ਚ ਨੁਕੀਲੀਆਂ ਚੀਜ਼ਾ ਮਾਰਨ ਤੋਂ ਗੁਰੇਜ਼ ਕਰੋ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ ਮੌਕੇ ਲੋਕਾਂ ਨੂੰ ਕੰਨਾਂ ਦੀ ਦੇਖਭਾਲ ਪ੍ਰਤੀ ਸਚੇਤ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੰਨ ਸਰੀਰ ਦਾ ਇਕ ਨਾਜ਼ੁਕ ਅੰਗ ਹੈ। ਬੋਲੇਪਣ ਤੋਂ ਬਚਾਅ ਲਈ ਕੰਨਾਂ ਦੀ ਦੇਖਭਾਲ ਤੇ ਸਾਂਭ-ਸੰਭਾਲ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ ਤੇ ਤੇਜ ਆਵਾਜ਼, ਦੂਸ਼ਿਤ ਵਾਤਾਵਰਨ, ਗੰਦੇ ਪਾਣੀ ਤੇ ਕੰਨਾਂ ’ਚ ਨੁਕੀਲੀਆਂ ਚੀਜਾਂ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਕਿਸੇ ਵੀ ਵਿਅਕਤੀ ਦੀ ਸੁਣਨ ਸ਼ਕਤੀ ਘੱਟ ਹੋ ਸਕਦੀ ਹੈ ਜਾਂ ਹਮੇਸ਼ਾ ਲਈ ਜਾ ਸਕਦੀ ਹੈ। ਉਨ੍ਹਾਂ ਨੇ ਬੋਲਾਪਣ ਹੋਣ ਦੇ ਕਾਰਨਾਂ ਬਾਰੇ ਦੱਸਦੇ ਹੋਏ ਕਿਹਾ ਕਿ ਕੰਨ ਸ਼ਰੀਰ ਦਾ ਮਹੱਤਵਪੂਰਨ ਅੰਗ ਹਨ ਪਰ ਕੰਨਾਂ ਦੀਆਂ ਬੀਮਾਰੀਆਂ ਪ੍ਰਤੀ ਸਾਵਧਾਨੀ ਨਾ ਰੱਖਣ ਕਾਰਨ ਜ਼ਿਆਦਾਤਰ ਬੋਲੇਪਨ ਦੀ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਗਿਆ ਕਿ ਗੂੰਗੇ ਤੇ ਬੋਲੇਪਨ ਦੀ ਸਮੱਸਿਆ ਕਾਰਨ ਆਮ ਲੋਕਾਂ ਤੇ ਇਸ ਵਰਗ ’ਚ ਸੰਚਾਰਕ ਵਿੱਥ ਬਣੀ ਰਹਿੰਦੀ ਹੈ, ਜਿਸ ਕਰਕੇ ਅਜਿਹੇ ਵਿਅਕਤੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੰਨਾਂ ਦੇ ਬੋਲੇਪਨ ਦਾ ਮੁੱਖ ਕਾਰਨ ਬਚਪਨ ਦੇ ਰੋਗ, ਹਾਦਸਿਆਂ ਤੇ ਗਰਭ ਅਵਸਥਾ ਜਾਂ ਜਨਮ ਦੋਰਾਨ ਹੋਣ ਵਾਲੇ ਰੋਗਾਂ ਕਾਰਨ ਹੋ ਸਕਦਾ ਹੈ। ਹਾਈ ਰਿਸਕ ਕੇਸਾਂ ’ਚ ਨਵਜਨਮੇ ਬੱਚੇ ਦੀ ਸੁਣਨ ਸ਼ਕਤੀ ਦੀ ਜਾਂਚ ਜਲਦ ਤੋਂ ਜਲਦ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੇ ਕੋਈ ਸਮੱਸਿਆ ਸਾਹਮਣੇ ਆਵੇ ਤਾਂ ਉਸ ਦਾ ਇਲਾਜ ਜਲਦ ਸ਼ੁਰੂ ਕਰਵਾਇਆ ਜਾ ਸਕੇ।