ਰੰਗਲਾ ਪੰਜਾਬ ਬਣਾਉਣ ਲਈ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨਾ ਪਵੇਗਾ- ਸੰਤ ਸੀਚੇਵਾਲ

-ਸੰਤ ਲਾਲ ਸਿੰਘ ਦੀ 48ਵੀਂ ਸਾਲਾਨਾ ਬਰਸੀ ਮਨਾਈ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਿਰਮਲ ਕੁਟੀਆ ਸੀਚੇਵਾਲ ਵਿੱਚ ਸੰਤ ਲਾਲ ਸਿੰਘ ਜੀ ਦੀ 48ਵੀਂ ਸਾਲਾਨਾ ਬਰਸੀ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਗਈ। ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਉਚੇਚੇ ਤੌਰ ’ਤੇ ਪਹੁੰਚੇ ਸਨ। ਸੰਗਤਾਂ ਨੂੰ ਸੰਬੋਧਨ ਕਰਦਿਆ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਰੰਗਲਾ ਪੰਜਾਬ ਉਦੋਂ ਹੀ ਬਣੇਗਾ ਜਦੋਂ ਇਸਦੇ ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਣ ਮੁਕਤ ਹੋਣਗੇ। ਉਨ੍ਹਾਂ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਦੀ 25 ਸਾਲ ਤੋਂ ਚੱਲ ਰਹੀ ਕਾਰ ਸੇਵਾ ਨੇ ਉਸ ਦੀ ਨਿਰਮਲਧਾਰਾ ਮੁੜ ਵਗਣ ਲੱਗ ਪਈ ਹੈ। ਲੁਧਿਆਣੇ ਦਾ ਪਵਿੱਤਰ ਬੁੱਢਾ ਦਰਿਆ ਦੀ ਸਫ਼ਾਈ ਦੀ ਕਾਰ ਸੇਵਾ ਚੱਲ ਰਹੀ ਹੈ। ਇਸ ਦੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਕਈ ਨਵੀਆਂ ਥਾਵਾਂ ਦੀ ਨਿਸ਼ਾਨਦੇਹੀ ਹੋਈ ਜਿੱਥੋਂ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਹੈ। ਸੂਬੇ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਘੁਲ ਰਹੀਆਂ ਜ਼ਹਿਰਾਂ ਨੂੰ ਰੋਕੇ ਬਿਨ੍ਹਾਂ ਰੰਗਲੇ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲੁਧਿਆਣਾ ਸ਼ਹਿਰ ਵਿੱਚ ਵੱਡੀ ਪੱਧਰ ‘ਤੇ ਹਵਾ ਵਿੱਚ ਪ੍ਰਦੂਸ਼ਣ ਹੈ। ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਦੀ ਕਾਲਖ਼ ਨੇ ਵੀ ਲੋਕਾਂ ਦੇ ਜੀਵਨ ਨੂੰ ਨਰਕ ਬਣਾਇਆ ਹੋਇਆ ਸੀ। ਹੁਣ ਇਸ ‘ਤੇ ਸਿਕੰਜ਼ਾ ਕੱਸਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਪਿਛਲੇ ਸਾਲ ਆਏ ਹੜ੍ਹਾਂ ਵਿੱਚ ਪੰਜਾਬੀਆਂ ਵੱਲੋਂ ਕੀਤੀ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਨੌਜਵਾਨ ਹੀ ਸਨ। ਜਿੰਨ੍ਹਾਂ ਨੇ ਹਿੱਕ ਢਾਹ ਕੇ ਦਰਿਆਵਾਂ ਦੇ ਵਹਿਣ ਨੂੰ ਮੋੜਿਆ ਸੀ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਝੋਨੇ ਦੀ ਫਸਲ ਰੁੜ੍ਹ ਗਈ ਸੀ ਤੇ ਰੇਤਾ ਚੜ੍ਹਨ ਕਾਰਨ ਵੱਡੇ ਹਿੱਸੇ ਵਿੱਚ ਕਣਕ ਨਹੀਂ ਸੀ ਬੀਜੀ ਗਈ ਤੇ ਹੁਣ ਮੱਕੀ ਵਾਸਤੇ ਖੇਤ ਤਿਆਰ ਕੀਤੇ ਗਏ ਹਨ। ਉਨ੍ਹਾਂ ਪਰਵਾਸੀ ਪੰਜਾਬੀਆਂ ਵੱਲੋਂ ਹੜ੍ਹਾਂ ਦੌਰਾਨ ਕੀਤੀ ਸੇਵਾ ਲਈ ਧੰਨਵਾਦ ਕੀਤਾ।
ਸੰਤ ਲਾਲ ਸਿੰਘ ਜੀ ਦੇ ਸਾਧੂ ਸੁਭਾਅ ਬਾਰੇ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੋਨਾ ਇਲਾਕੇ ਵਿਚ 50 ਸਾਲ ਪਹਿਲਾਂ ਉਨ੍ਹਾਂ ਨੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਦਾ ਸੁਨੇਹਾ ਦਿੱਤਾ ਸੀ ਤੇ ਰੁੱਖਾਂ ਅਤੇ ਪੰਛੀਆਂ ਨੂੰ ਕੁਦਰਤ ਦੇ ਅਨਮੋਲ ਗਹਿਣੇ ਦੱਸਦਿਆ ਇਨ੍ਹਾਂ ਦੀ ਰੱਖਿਆ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ। ਇਸ ਸਮਾਗਮ ਦੌਰਾਨ, ਸੰਤ ਜਗਜੀਤ ਸਿੰਘ ਲੋਪੋਂ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਜੀਤ ਸਿੰਘ ਰਘੂਆਣਾ (ਸਿਰਸਾ), ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਸੰਤੋਖ ਸਿੰਘ, ਬਾਬਾ ਜਸਵਿੰਦਰ ਸਿੰਘ, ਸੰਤ ਗੁਰਮੇਜ਼ ਸਿੰਘ, ਸੰਤ ਪ੍ਰਗਟ ਨਾਥ, ਬਾਬਾ ਦੀਪਕ ਸਿੰਘ ਸਮੇਤ ਇਲਾਕੇ ਦੇ ਸੰਤ ਮਹਾਂਪੁਰਖ ਸਮੇਤ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਬੂਟਾ ਸਿੰਘ, ਸਰਪੰਚ ਜੋਗਾ ਸਿੰਘ ਸਮੇਤ ਇਲਾਕੇ ਦੇ ਪੰਚ ਸਰਪੰਚ ਰਾਜਨੀਤਿਕ ਆਗੂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ। ਕੀਰਤਨੀ ਜੱਥਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਸਮਾਗਮ ਦੌਰਾਨ ਆਈ ਸੰਗਤ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ।