ਤਿੰਨੇ ਨੌਜਵਾਨਾਂ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ
ਮਠੁੱਡਾ ਕਲਾਂ ਦੇ ਤਿੰਨ ਨੌਜਵਾਨਾਂ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ
Publish Date: Thu, 12 Feb 2026 07:21 PM (IST)
Updated Date: Thu, 12 Feb 2026 07:23 PM (IST)
-12ਵੀਂ ਜਮਾਤ ਦੇ ਦੋ ਭੈਣਾਂ ਦੇ ਇਕਲੌਤੇ ਭਰਾ ਸਮੇਤ ਤਿੰਨ ਦੋਸਤ ਸੜਕ ਹਾਦਸੇ ’ਚ ਮਾਰੇ ਗਏ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਮੁਠੱਡਾ ਕਲਾਂ ਦੇ ਤਿੰਨ ਨੌਜਵਾਨਾਂ ਦੀ ਫਗਵਾੜਾ ਨੇੜੇ ਹੋਏ ਦਰਦਨਾਕ ਸੜਕ ਹਾਦਸੇ ’ਚ ਮੌਤ ਹੋ ਜਾਣ ਕਾਰਨ ਪਿੰਡ ਤੇ ਇਲਾਕੇ ’ਚ ਸੋਗ ਛਾਅ ਗਿਆ। ਮ੍ਰਿਤਕਾਂ ਦੀ ਪਛਾਣ ਸ਼ਾਹੀਨ ਮੁਹੰਮਦ ਪੁੱਤਰ ਕਸ਼ਮੀਰ ਮੁਹੰਮਦ, ਦਿਲਜੀਤ ਭੱਟੀ ਪੁੱਤਰ ਅਵਤਾਰ ਚੰਦ ਤੇ ਅਰਮਾਨ ਮਹਿਮੀ ਪੁੱਤਰ ਦੇਸਰਾਜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤਿੰਨੇ ਦੋਸਤ ਫਗਵਾੜੇ ਕੋਲ ਸੜਕ ਹਾਦਸੇ ਦਾ ਸ਼ਿਕਾਰ ਹੋਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ’ਚੋਂ ਇਕ ਨੌਜਵਾਨ 12ਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਅੱਜ ਪਿੰਡ ਮੁਠੱਡਾ ਕਲਾਂ ’ਚ ਦੋ ਨੌਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਦਕਿ ਇਕ ਨੌਜਵਾਨ ਨੂੰ ਦਫਨਾਇਆ ਗਿਆ। ਅੰਤਿਮ ਯਾਤਰਾ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸਾਕ-ਸਬੰਧੀ, ਇਲਾਕਾ ਵਾਸੀ ਤੇ ਨਗਰ ਨਿਵਾਸੀ ਮੌਜੂਦ ਰਹੇ। ਗ਼ਮਗੀਨ ਮਾਹੌਲ ’ਚ ਹਰ ਅੱਖ ਅਸ਼ਕਬਾਰ ਨਜ਼ਰ ਆਈ। ਗੌਰਤਲਬ ਹੈ ਕਿ ਇਸ ਦੁੱਖਦਾਈ ਮੌਕੇ ’ਤੇ ਕੋਈ ਵੀ ਰਾਜਨੀਤਿਕ ਆਗੂ, ਹਲਕਾ ਵਿਧਾਇਕ, ਹਲਕਾ ਇੰਚਾਰਜ ਜਾਂ ਸੰਸਦ ਮੈਂਬਰ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਪੁੱਜਾ। ਹਾਲਾਂਕਿ ਕਾਤੀ ਮੋਹਨ (ਸਰਪੰਚ ਮੁਠੱਡਾ ਕਲਾਂ), ਰਿੰਕੂ ਮੁਠੱਡਾ, ਹਰਮਿੰਦਰ ਸਿੰਘ ਰਾਣਾ (ਸਰਕਲ ਪ੍ਰਧਾਨ ਭੀਕੇਯੂ), ਰਾਜਵਿੰਦਰ ਸਿੰਘ, ਸੰਜੀਵ ਭੌਰਾ ਐਡਵੋਕੇਟ (ਫਿਲੌਰ), ਖੁਸ਼ੀ ਰਾਮ (ਸਰਪੰਚ ਨੰਗਲ), ਡਾ. ਗਿਆਨ (ਬੀਐੱਸਪੀ ਆਗੂ, ਗੁਰਾਇਆ), ਗੁਰਨਾਮ ਸਿੰਘ, ਸੁਰਜੀਤ ਸਿੰਘ, ਡਾ. ਕੁਲਦੀਪ ਰਾਏ ਤੇ ਡਾ. ਸੰਦੀਪ ਸਮੇਤ ਕਈ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਸ਼ੋਕ ਪ੍ਰਗਟਾਇਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਕੇ ਯੋਗ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।