ਜਲੰਧਰ ਦੀਆਂ ਤਿੰਨ ਮਹਿਲਾ ਉੱਦਮੀਆਂ ਨੂੰ ਮਿਲਿਆ ਮਹਿਲਾ ਸਨਮਾਨ
ਜਲੰਧਰ ਦੀਆਂ ਤਿੰਨ ਮਹਿਲਾ ਉਦਯਮੀਆਂ ਨੂੰ ਮਿਲਿਆ ਪੰਜਾਬ ਸਰਕਾਰ ਵੱਲੋਂ ਉਦਯਮੀ ਮਹਿਲਾ ਸਨਮਾਨ
Publish Date: Thu, 19 Mar 2026 10:49 PM (IST)
Updated Date: Thu, 19 Mar 2026 10:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕਰਨ ਲਈ ਮੋਹਾਲੀ ’ਚ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸਨਮਾਨ ਪ੍ਰਾਪਤ ਕਰਨ ਵਾਲੀਆਂ ਉੱਦਮੀਆਂ ’ਚ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਤਿੰਨ ਮਹਿਲਾ ਉੱਦਮੀ ਵੀ ਸ਼ਾਮਲ ਹਨ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਦੌਰਾਨ ਪੂਜਾ ਪੁੱਤਰੀ ਸੰਜੀਵ ਕੁਮਾਰ, ਨਿਵਾਸੀ ਪਿੰਡ ਭੰਗਾਲਾ, ਬਲਾਕ ਨੂਰਮਹਿਲ ਨੂੰ ਡਿਜੀਟਲ ਸ਼੍ਰੇਣੀ ਲਈ, ਅੰਜਲੀ ਪੁੱਤਰੀ ਨਛੱਤਰ, ਨਿਵਾਸੀ ਪਿੰਡ ਪੂਨੀਆ, ਬਲਾਕ ਸ਼ਾਹਕੋਟ ਨੂੰ ਸੇਵਾ ਟੂ ਸੈਲਫ ਰਿਲਾਇੰਸ ਸ਼੍ਰੇਣੀ ਲਈ ਤੇ ਮੋਨਿਕਾ ਪੁੱਤਰੀ ਗੁਰਮੇਲ ਸਿੰਘ, ਨਿਵਾਸੀ ਪਿੰਡ ਮਾਂਕੋ, ਬਲਾਕ ਆਦਮਪੁਰ ਨੂੰ ਸੇਵਾ ਟੂ ਸੈਲਫ ਰਿਲਾਇੰਸ ਸ਼੍ਰੇਣੀ ’ਚ ਸ਼ਾਨਦਾਰ ਤੇ ਸ਼ਲਾਘਾਯੋਗ ਕੰਮ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੂੰ ਸਰਕਾਰ ਵੱਲੋਂ ਸਨਮਾਨ ਪੱਤਰ, ਟਰਾਫੀ ਤੇ 25,000-25,000 ਰੁਪਏ ਦੇ ਚੈੱਕ ਸਨਮਾਨ ਵਜੋਂ ਦਿੱਤੇ ਗਏ। ਇਸ ਤੋਂ ਪਹਿਲਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਲਕਾ ਤੇ ਜ਼ਿਲ੍ਹਾ ਪੱਧਰ 'ਤੇ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਮਾਗਮ ਕਰਵਾਏ ਗਏ ਸਨ, ਜਿਨ੍ਹਾਂ ’ਚ ਵੱਖ-ਵੱਖ ਸ਼੍ਰੇਣੀਆਂ ’ਚ ਸ਼ਾਨਦਾਰ ਕੰਮ ਕਰਨ ਵਾਲੀਆਂ 100-100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਬਾਰੇ ਦੱਸਿਆ ਕਿ ਇਸ ਮਿਸ਼ਨ ਤਹਿਤ ਗ੍ਰਾਮੀਣ ਖੇਤਰਾਂ ਦੀਆਂ ਗਰੀਬ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜ ਕੇ ਉਨ੍ਹਾਂ ਦੀ ਜੀਵਨ ਪੱਧਰ, ਆਰਥਿਕ ਤੇ ਸਮਾਜਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ। ਵਧੀਆ ਪ੍ਰਦਰਸ਼ਨ ਕਰਨ ਵਾਲੇ ਸਵੈ-ਸਹਾਇਤਾ ਸਮੂਹਾਂ ਨੂੰ ਰਿਵਾਲਵਿੰਗ ਫੰਡ ਵਜੋਂ 30,000 ਰੁਪਏ ਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਵਜੋਂ 50,000 ਰੁਪਏ ਪ੍ਰਤੀ ਸਮੂਹ ਦੇ ਹਿਸਾਬ ਨਾਲ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਡੀਪੀਐੱਮ ਸੁਖਵੰਤ ਕੌਰ, ਡੀਐੱਫਐੱਮ ਕੋਮਲ, ਲੇਖਾਕਾਰ ਵਿਕਾਸ ਬਖ਼ਸ਼ੀ ਤੇ ਆਜੀਵਿਕਾ ਮਿਸ਼ਨ ਦਾ ਹੋਰ ਸਟਾਫ ਵੀ ਮੌਜੂਦ ਸੀ।