ਲਾਪਤਾ ਤਿੰਨ ਨਾਬਾਲਗ ਕੁੜੀਆਂ ਯੂਪੀ ’ਚੋਂ ਬਰਾਮਦ
ਸੁੰਦਰ ਨਗਰ ਤੋਂ ਲਾਪਤਾ ਤਿੰਨ ਨਾਬਾਲਗ ਕੁੜੀਆਂ ਉੱਤਰ ਪ੍ਰਦੇਸ਼ ਤੋਂ ਬਰਾਮਦ
Publish Date: Sat, 28 Feb 2026 08:07 PM (IST)
Updated Date: Sat, 28 Feb 2026 08:10 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੁੰਦਰ ਨਗਰ ਤੋਂ ਛੇ ਦਿਨ ਪਹਿਲਾਂ ਲਾਪਤਾ ਹੋਈਆਂ ਤਿੰਨ ਨਾਬਾਲਗ ਕੁੜੀਆਂ ਉੱਤਰ ਪ੍ਰਦੇਸ਼ ਤੋਂ ਬਰਾਮਦ ਕਰ ਲਈਆਂ ਗਈਆਂ ਹਨ। ਲਾਪਤਾ ਕੁੜੀਆਂ ’ਚ 12 ਤੇ 13 ਸਾਲ ਦੀਆਂ ਦੋ ਭੈਣਾਂ ਤੇ ਉਨ੍ਹਾਂ ਦੀ 16 ਸਾਲਾ ਸਹੇਲੀ ਸ਼ਾਮਲ ਹੈ। ਏਸੀਪੀ ਉੱਤਰੀ ਅਸ਼ੋਕ ਮੀਣਾ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੋਮਵਾਰ ਸਵੇਰੇ ਮਾਪੇ ਆਮ ਵਾਂਗ ਕੰਮ ਤੇ ਗਏ ਸਨ, ਕੁੜੀਆਂ ਨੂੰ ਘਰ ਤੇ ਇਕੱਲਾ ਛੱਡ ਕੇ। ਜਦੋਂ ਪਰਿਵਾਰ ਸ਼ਾਮ 5:30 ਵਜੇ ਦੇ ਕਰੀਬ ਵਾਪਸ ਆਇਆ ਤਾਂ ਉਹ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਦੇਖ ਕੇ ਹੈਰਾਨ ਰਹਿ ਗਏ। ਤਿੰਨੋਂ ਕੁੜੀਆਂ ਲਾਪਤਾ ਸਨ। ਪੂਰੀ ਭਾਲ ਤੋਂ ਬਾਅਦ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਏਸੀਪੀ ਉੱਤਰੀ ਅਸ਼ੋਕ ਮੀਣਾ ਤੇ ਥਾਣਾ ਨੰਬਰ 8 ਦੀ ਇੱਕ ਪੁਲਿਸ ਟੀਮ ਤੁਰੰਤ ਮੌਕੇ ਤੇ ਪੁੱਜੀ। ਜਦੋਂ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੁਲਿਸ ਨੇ ਜਦ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਉਸ ’ਚ ਤਿੰਨੋਂ ਕੁੜੀਆਂ ਦੁਪਹਿਰ 1:30 ਵਜੇ ਦੇ ਕਰੀਬ ਪੈਦਲ ਘਰੋਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਪੁਲਿਸ ਉਦੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਕਿਸ ਦਿਸ਼ਾ ਵੱਲ ਗਈਆਂ ਸਨ ਤੇ ਕੀ ਉਨ੍ਹਾਂ ਦੇ ਨਾਲ ਕੋਈ ਬਾਹਰੀ ਵਿਅਕਤੀ ਸੀ। ਇਸ ਤੋਂ ਬਾਅਦ ਥਾਣਾ ਅੱਠ ’ਚ ਕੇਸ ਦਰਜ ਕੀਤਾ ਗਿਆ। ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਤੇ ਜਨਤਕ ਥਾਵਾਂ ’ਤੇ ਅਲਰਟ ਜਾਰੀ ਕੀਤੇ ਗਏ ਸਨ। ਸਾਈਬਰ ਸੈੱਲ ਦੀ ਮਦਦ ਵੀ ਲਈ ਗਈ ਸੀ, ਜਿਸ ਤੋਂ ਬਾਅਦ ਤਿੰਨੋਂ ਕੁੜੀਆਂ ਨੂੰ ਉੱਤਰ ਪ੍ਰਦੇਸ਼ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।