ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਦੀ 16 ਮਾਰਚ ਨੂੰ ਹੋਣ ਵਾਲੀ ਵਿੱਤੀ ਤੇ ਠੇਕਾ ਕਮੇਟੀ ਦੀ ਮੀਟਿੰਗ |ਚ ਸ਼ਹਿਰ ਨਾਲ ਜੁੜੇ 3 ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲਣੀ ਹੈ। ਇਸ ਮੀਟਿੰਗ ਵਿਚ 22.65 ਕਰੋੜ ਰੁਪਏ ਦੇ ਕੰਮ ਦੇ ਪ੍ਰਸਤਾਵ ਰੱਖੇ ਜਾਣਗੇ। ਇਨ੍ਹਾਂ ’ਚ ਸ਼ਹਿਰ ਨਾਲ ਜੁੜਿਆ ਸਭ ਤੋਂ ਪ੍ਰਮੁੱਖ ਕੰਮ ਪ੍ਰਧਾਨ ਮੰਤਰੀ ਇਲੈਕਟ੍ਰਿਕ ਬੱਸ ਸੇਵਾ ਲਈ ਬੱਸ ਡਿਪੂ ਦਾ ਨਿਰਮਾਣ ਹੈ। ਨਾਲ ਹੀ ਡੀਏਵੀ ਕਾਲਜ ਦੀ ਨਹਿਰ ਕੰਢੇ ਫੈਂਸਿੰਗ ਦਾ ਟੈਂਡਰ ਵੀ ਮਨਜ਼ੂਰ ਕੀਤਾ ਜਾਣਾ ਹੈ। ਤੀਜਾ ਵੱਡਾ ਪ੍ਰੋਜੈਕਟ ਨਗਰ ਨਿਗਮ ਦੀਆਂ ਦੋ ਰੋਡ ਸਵੀਪਿੰਗ ਮਸ਼ੀਨਾਂ ਨੂੰ ਪ੍ਰਾਈਵੇਟ ਏਜੰਸੀ ਜ਼ਰੀਏ ਚਲਾਉਣਾ ਹੈ। ਇਸ ਤੋਂ ਇਲਾਵਾ, ਸੀਵਰੇਜ, ਸੜਕਾਂ, ਸਟ੍ਰੀਟ ਲਾਈਟਾਂ ਤੇ ਪਾਰਕਾਂ ਨਾਲ ਜੁੜੇ ਕਈ ਕੰਮ ਵੀ ਮੀਟਿੰਗ ’ਚ ਰੱਖੇ ਜਾਣਗੇ।
ਪ੍ਰਧਾਨ ਮੰਤਰੀ ਈ-ਬੱਸ ਸੇਵਾ ਵੱਲ ਨਗਰ ਨਿਗਮ ਨੇ ਇਕ ਹੋਰ ਕਦਮ ਵਧਾਇਆ ਹੈ। ਨਗਰ ਨਿਗਮ ਦੇ ਹੈੱਡ ਕੁਆਰਟਰ ਨਾਲ ਸਥਿਤ ਜ਼ਮੀਨ ’ਤੇ ਇਲੈਕਟ੍ਰਿਕ ਬੱਸ ਡਿਪੂ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਲੰਮਾ ਪਿੰਡ ਵਰਕਸ਼ਾਪ ’ਚ ਇਲੈਕਟ੍ਰਿਕ ਬੱਸ ਸੇਵਾ ਲਈ ਇਲੈਕਟ੍ਰੀਕਲ ਤੇ ਪਲੰਬਿੰਗ ਕੰਮ ਕੀਤਾ ਜਾਣਾ ਹੈ। ਇਸ ਦੇ 3.20 ਕਰੋੜ ਦੇ ਦੋ ਟੈਂਡਰ ਵਿੱਤੀ ਕਮੇਟੀ ਦੀ ਮੀਟਿੰਗ ਵਿਚ ਮਨਜ਼ੂਰ ਹੋ ਸਕਦੇ ਹਨ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਤਹਿਤ 97 ਬੱਸਾਂ ਚਲਾਈ ਜਾਣੀਆਂ ਹਨ। ਬੱਸ ਡਿਪੂ ਤਿਆਰ ਹੋਣ ’ਤੇ ਹੀ ਕੇਂਦਰ ਸਰਕਾਰ ਇਹ ਬੱਸਾਂ ਭੇਜੇਗੀ। ਇਸ ਨਾਲ ਸ਼ਹਿਰ ’ਚ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਮਿਲੇਗਾ। ਨਗਰ ਨਿਗਮ ਨੇ ਇਨ੍ਹਾਂ ਬੱਸਾਂ ਦੇ ਰੂਟਾਂ ਨੂੰ ਵੀ ਤੈਅ ਕਰ ਲਿਆ ਹੈ।
ਇਸ ਦੇ ਨਾਲ, ਨਗਰ ਨਿਗਮ ਆਪਣੀਆਂ ਦੋ ਰੋਡ ਸਵੀਪਿੰਗ ਮਸ਼ੀਨਾਂ ਪ੍ਰਾਈਵੇਟ ਕੰਪਨੀ ਦੇ ਜ਼ਰੀਏ ਚਲਾਉਣ ਜਾ ਰਿਹਾ ਹੈ। ਪਹਿਲਾਂ ਨਗਰ ਨਿਗਮ ਇਹ ਕੰਮ ਖ਼ੁਦ ਕਰ ਰਿਹਾ ਸੀ ਪਰ ਇਸ ਵਿਚ ਕਈ ਕਿਸਮ ਦੀਆਂ ਰੁਕਾਵਟਾਂ ਆ ਰਹੀਆਂ ਸਨ। ਹੁਣ ਕੰਪਨੀ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਸਫਾਈ ਕਰੇਗੀ। ਇਸ ਲਈ ਪਿਆਰਾ ਸਿੰਘ ਐਂਡ ਸੰਨਜ਼ ਨੂੰ ਠੇਕਾ ਦਿੱਤਾ ਜਾ ਸਕਦਾ ਹੈ। ਦੋ ਸਾਲਾਂ ਲਈ ਆਪ੍ਰੇਸ਼ਨ ਤੇ ਮੈਨਟੇਨੈਂਸ ਦਾ ਠੇਕਾ 9.48 ਕਰੋੜ ਵਿਚ ਦਿੱਤਾ ਜਾਣਾ ਹੈ। ਹਾਲਾਂਕਿ ਇਸ ਵਿਚ ਬਚਤ ਘੱਟ ਹੈ ਪਰ ਹੁਣ ਇਸ ਦਾ ਫੈਸਲਾ ਨਗਰ ਨਿਗਮ ਦੀ ਵਿੱਤੀ ਕਮੇਟੀ ਵਿਚ ਹੋਵੇਗਾ।
ਬਿਸਤ ਦੋਆਬ ਨਹਿਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਨਗਰ ਨਿਗਮ ਨਹਿਰ ਦੀ ਫੈਂਸਿੰਗ ਕਰਵਾਉਣ ਜਾ ਰਿਹਾ ਹੈ। ਇਸ ਤਹਿਤ ਚਾਰ ਕਿੱਲੋਮੀਟਰ ਦਾ ਖੇਤਰ ਕਵਰ ਕੀਤਾ ਜਾਵੇਗਾ। ਇਹ ਪ੍ਰੋਜੈਕਟ ਮੇਅਰ ਵਨੀਤ ਧੀਰ ਨੇ ਖ਼ੁਦ ਤਿਆਰ ਕਰਵਾਇਆ ਹੈ, ਕਿਉਂਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਨਹਿਰ ਕੰਢੇ ਲੱਗਣ ਵਾਲੀ ਮਾਰਕੀਟ ਦੇ ਲੋਕ ਨਹਿਰ ’ਚ ਕੁੜਾ ਸੁੱਟਦੇ ਹਨ। ਨਹਿਰ ਦੀ ਪੂਰੀ ਤਰ੍ਹਾਂ ਸਫਾਈ ਵੀ ਕਰਵਾਈ ਜਾਵੇਗੀ। ਨਹਿਰ ਦੇ ਦੋਵੇਂ ਪਾਸੇ 8 ਫੁੱਟ ਉੱਚੀ ਗ੍ਰਿਲ ਲਾਈ ਜਾਵੇਗੀ। ਇਸ ਤੋਂ ਇਲਾਵਾ, ਕੰਸਟ੍ਰਕਸ਼ਨ ਐਂਡ ਡਿਮੋਲੀਸ਼ਨ ਪਲਾਂਟ ਗਦਾਈਪੁਰ ਵਿਚ ਪ੍ਰੋਸੈਸਡ ਮਟੀਰੀਅਲ ਦੀ ਨਿਲਾਮੀ ਦਾ ਟੈਂਡਰ ਵੀ ਮਨਜ਼ੂਰ ਹੋ ਸਕਦਾ ਹੈ।
ਨਗਰ ਨਿਗਮ ਆਉਣ ਵਾਲੇ ਮੌਨਸੂਨ ਮੌਸਮ ਨੂੰ ਦੇਖਦਿਆਂ ਹੁਣੇ ਤੋਂ ਹੀ ਸੀਵਰੇਜ ਦੇ ਡਿਸਪੋਜ਼ਲ ਦੇ ਕੰਮ 'ਤੇ ਧਿਆਨ ਦੇ ਰਿਹਾ ਹੈ। ਨਾਲ ਸੀਵਰੇਜ ਦੀ ਸਫਾਈ ਤੇ ਕਈ ਇਲਾਕਿਆਂ ’ਚ ਨਵੀਂ ਸੀਵਰੇਜ ਪਾਉਣ ਦੇ ਟੈਂਡਰ ਵੀ ਮਨਜ਼ੂਰ ਕੀਤੇ ਜਾਣੇ ਹਨ। ਇਸ ਤਹਿਤ ਟ੍ਰਾਂਸਪੋਰਟ ਨਗਰ ਵਿਚ ਡਿਸਪੋਜ਼ਲ ਤਿਆਰ ਕਰਵਾਇਆ ਜਾਵੇਗਾ, ਸਰਜੀਕਲ ਕੰਪਲੈਕਸ ਦੇ ਡਿਸਪੋਜ਼ਲ ਦਾ ਰੱਖ-ਰਖਾਅ ਕੀਤਾ ਜਾਣਾ ਹੈ। ਮਕਸੂਦਾਂ ਡਿਸਪੋਜ਼ਲ 'ਤੇ 60 ਹਾਰਸ ਪਾਵਰ ਪੰਪ ਲਗਾਇਆ ਜਾਵੇਗਾ। ਇਸ ਨਾਲ ਮੀਂਹ ਦੇ ਦਿਨਾਂ ਵਿਚ ਪਾਣੀ ਦੀ ਨਿਕਾਸੀ ਬਿਹਤਰ ਹੋਵੇਗੀ ਤੇ ਕਈ ਇਲਾਕਿਆਂ ਵਿਚ ਸੀਵਰੇਜ ਜਾਮ ਦੀ ਸਮੱਸਿਆ ਵੀ ਖਤਮ ਹੋਵੇਗੀ। ਨਗਰ ਨਿਗਮ ਬੱਸ ਸਟੈਂਡ ਨੇੜੇ ਗਲਾਸੀ ਜੰਕਸ਼ਨ, ਈਸ਼ਰਪੁਰੀ ਕਾਲੋਨੀ, ਸਵਰਨ ਪਾਰਕ, ਸੁੱਚੀ ਪਿੰਡ ਵਾਰਡ ਨੰਬਰ 4 ਵਿਚ ਸੀਵਰੇਜ ਪਾਉਣ ਜਾ ਰਿਹਾ ਹੈ। ਨਗਰ ਨਿਗਮ ਦੇ ਸਾਰੇ 8 ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਇਨਲੈੱਟ ਤੇ ਆਊਟਲੈੱਟ 'ਤੇ ਫਲੋਮੀਟਰ ਲਗਾਏ ਜਾਣਗੇ।