- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਧੋੋਗੜੀ ਤੋਂ ਲਾਪਤਾ ਦੋ ਦਿਨਾਂ ਤੋਂ 10 -12 ਸਾਲਾਂ ਦੇ ਤਿੰਨ ਬੱਚੇ ਖੁੱਡੇ ਤੋਂ ਪੁਲਿਸ ਨੇ ਬਰਾਮਦ ਕੀਤੇ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ : ਪਿੰਡ ਧੋਗੜੀ ਤੋਂ ਦੋ ਦਿਨ ਪਹਿਲਾਂ ਪਤੰਗ ਚੜ੍ਹਾਉਂਦੇ 10 -12 ਸਾਲਾਂ ਦੇ ਤਿੰਨ ਬੱਚੇ ਦੁਪਹਿਰ ਦੋ ਢਾਈ ਵਜੇ ਭੇਦ ਭਰੇ ਹਾਲਾਤ ’ਚ ਲਾਪਤਾ ਹੋ ਗਏ। ਗੁੰਮ ਹੋਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਭਾਲ ਕਰਦੇ ਹੋਏ ਆਸ ਪਾਸ ਦੇ ਪਿੰਡਾਂ ’ਚ ਅਨਾਊਂਸਮੈਂਟ ਵੀ ਕਰਵਾਈ। ਲਾਪਤਾ ਬੱਚਿਆਂ ’ਚ ਸੈਮੂਅਲ ਪੁੱਤਰ ਵਿਨੋਦ ਕੁਮਾਰ, ਕਾਰਤਿਕ ਪੁੱਤਰ ਦੀਪਕ ਕੁਮਾਰ ਤੇ ਵੰਸ਼ ਜੋ ਆਪਣੇ ਨਾਨਕੇ ਪਿੰਡ ਧੋਗੜੀ ਰਹਿ ਰਿਹਾ ਹੈ ਤਿੰਨੋ ਹੀ ਬੱਚੇ ਚੌਥੀ ਕਲਾਸ ’ਚ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਦੇ ਹਨ ਤੇ ਆਪਸ ’ਚ ਦੋਸਤ ਵੀ ਹਨ। ਤਿੰਨੋ ਬੱਚਿਆਂ ਦੇ ਲਾਪਤਾ ਹੋਣ ਸਬੰਧੀ ਪੁਲਿਸ ਚੌਕੀ ਜੰਡੂ ਸਿੰਘਾ ਵਿਖੇ ਸ਼ਿਕਾਇਤ ਵੀ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ। ਜੰਡੂ ਸਿੰਘਾ ਪੁਲਿਸ ਚੌਕੀ ਇੰਚਾਰਜ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਲਾਪਤਾ ਹੋਏ ਕਾਰਤਿਕ ਨੇ ਕੱਲ੍ਹ ਆਪਣੇ ਪਿਤਾ ਦੀਪਕ ਜੋ ਕਿ ਪੁਲਿਸ ਮੁਲਾਜ਼ਮ ਹੈ, ਨੂੰ ਫੋਨ ਕਰਕੇ ਦੱਸਿਆ ਕਿ ਉਹ ਪਿੰਡ ਖੁੱਡਾ ’ਚ ਹਨ। ਬੱਚਿਆਂ ਨੇ ਦੱਸਿਆ ਕਿ ਉਹ ਦੁਕਾਨਦਾਰ ਦੇ ਫੋਨ ਤੋਂ ਗੱਲ ਕਰ ਰਹੇ ਹਨ। ਦੀਪਕ ਨੇ ਦੁਕਾਨਦਾਰ ਨੂੰ ਦੱਸਿਆ ਕਿ ਇਹ ਤਿੰਨੋ ਬੱਚੇ ਘਰੋਂ ਲਾਪਤਾ ਹੋ ਗਏ ਹਨ। ਦੀਪਕ ਨੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਪੁਲਿਸ ਪਾਰਟੀ ਗੁੰਮ ਹੋਏ ਬੱਚਿਆਂ ਦੇ ਮਾਤਾ ਪਿਤਾ ਤੋਂ ਇਲਾਵਾ ਪਿੰਡ ਦੇ ਨੰਬਰਦਾਰ ਰਮਿੰਦਰਪਾਲ ਸਿੰਘ ਢਿੱਲੋ ਨੂੰ ਨਾਲ ਲੈ ਕੇ ਪਿੰਡ ਖੁੱਡਾ ’ਚ ਗਏ ਤਾਂ ਉਥੋਂ ਬੱਚਿਆਂ ਨੂੰ ਬਰਾਮਦ ਕੀਤਾ ਗਿਆ। ਪੁਲਿਸ ਨੇ ਲੋੜੀਂਦੀ ਕਾਰਵਾਈ ਕਰਨ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
--------------------------
ਆਪਾਂ ਤਾਂ ਡਲਹੌਜੀ ਘੁੰਮਣ ਚੱਲੇ ਸੀ : ਵੰਸ਼
ਇਸ ਮੌਕੇ ’ਤੇ ਜਦੋਂ ਬੱਚਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਲਾਪਤਾ ਹੋਏ ਬੱਚਿਆਂ ’ਚੋਂ ਵੰਸ਼ ਨੇ ਦੱਸਿਆ ਕਿ ਉਸ ਕੋਲੋਂ ਕੁੱਲ 700 ਰੁਪਏ ਸਨ। ਉਸ ਨੇ ਕਾਰਤਿਕ ਤੇ ਸੈਮੂਅਲ ਨਾਲ ਗੱਲ ਕੀਤੀ ਕਿ ਆਪਾਂ ਡਲਹੌਜੀ ਘੁੰਮਣ ਚੱਲਦੇ ਹਾਂ। ਪਿੰਡ ਤੋਂ ਉਹ ਆਟੋ ਰਿਕਸ਼ਾ ਲੈ ਕੇ ਪਿੰਡ ਰਾਏਪੁਰ ਰਸੂਲਪੁਰ ਦੇ ਅੱਡੇ ਵਿਖੇ ਆ ਗਏ। ਉਥੋਂ ਉਨ੍ਹਾਂ ਨੇ ਆਟੋ ਲਿਆ ਤੇ ਉਹ ਡੀ ਮਾਰਟ ਰੇਰੂ ਵਿਖੇ ਚਲੇ ਗਏ। ਡੀ ਮਾਰਟ ਅੰਦਰ ਘੁੰਮਣ ਤੋਂ ਉਪਰੰਤ ਉਹ ਬਾਹਰ ਆ ਕੇ ਪਠਾਨਕੋਟ ਨੂੰ ਜਾਣ ਵਾਲੀ ਨਿੱਜੀ ਕੰਪਨੀ ਦੀ ਬੱਸ ’ਚ ਡਲਹੌਜੀ ਨੂੰ ਜਾਣ ਲਈ ਬੈਠ ਗਏ। ਬੱਸ ਵਾਲਿਆਂ ਨੇ ਉਨ੍ਹਾਂ ਨੂੰ ਦਸੂਹਾ ਅੱਡੇ ਵਿਖੇ ਉਤਾਰ ਦਿੱਤਾ। ਉਨ੍ਹਾਂ ਨੇ ਰਾਤ ਦਸੂਹਾ ਅੱਡੇ ’ਤੇ ਇਕ ਢਾਬੇ ਤੇ ਗੁਜ਼ਾਰੀ ਇਥੋਂ ਇਕ ਸਾਈਕਲ ਲਿਆ ਤੇ ਉਹ ਤਿੰਨੋਂ ਹੀ ਸਾਈਕਲ ’ਤੇ ਪਿੰਡ ਖੁੱਡਾ ਨੂੰ ਆ ਗਏ। ਉੱਥੇ ਆ ਕੇ ਕਾਰਤਿਕ ਨੇ ਇਕ ਦੁਕਾਨਦਾਰ ਦੇ ਫੋਨ ਤੋਂ ਆਪਣੇ ਪਿਤਾ ਦੀਪਕ ਦੱਸਿਆ ਕਿ ਅਸੀਂ ਪਿੰਡ ਖੁੱਡਾ ’ਚ ਹਾਂ।