ਤਿੰਨ ਕਾਰਾਂ ਤੇ ਸਕੂਲ ਵੈਨ ਦੀ ਆਪਸੀ ਟੱਕਰ, ਬੁਰੀ ਤਰ੍ਹਾਂ ਨੁਕਸਾਨੇ ਵਾਹਨ
ਤਿੰਨ ਕਾਰਾਂ ਤੇ ਸਕੂਲ ਵੈਨ ਦੀ ਆਪਸੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 10 Mar 2026 06:38 PM (IST)
Updated Date: Tue, 10 Mar 2026 06:42 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਅੱਡਾ ਬਿਆਸ ਨੇੜੇ ਨਹਿਰ ਕੋਲ ਇਕ ਨਿੱਜੀ ਢਾਬੇ ਸਾਹਮਣੇ ਤਿੰਨ ਕਾਰਾਂ ਤੇ ਇਕ ਸਕੂਲ ਵੈਨ ਦੀ ਆਪਸੀ ਟੱਕਰ ਹੋ ਗਈ। ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਚਾਰਾਂ ਵਾਹਨਾਂ ਨੂੰ ਨੁਕਸਾਨ ਪੁੱਜਾ। ਰਾਹਗੀਰਾਂ ਵੱਲੋਂ ਦਿੱਤੀ ਸੂਚਨਾ ’ਤੇ ਮੌਕੇ ’ਤੇ ਪਹੁੰਚੇ ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਭੋਗਪੁਰ ਤੋਂ ਜਲੰਧਰ ਵੱਲ ਆ ਰਹੀਆਂ ਤਿੰਨ ਕਾਰਾਂ ਤੇ ਇਕ ਸਕੂਲ ਵੈਨ ਆਪਸ ’ਚ ਟਕਰਾ ਗਈਆਂ। ਕਾਰ ਨੰਬਰ ਪੀਬੀ-08-ਸੀਐੱਫ-5111 ਨੂੰ ਵਿਕਾਸ ਪੁੱਤਰ ਇਕਬਾਲ ਸਿੰਘ ਵਾਸੀ ਹਾਜੀਪੁਰ ਚਲਾ ਰਿਹਾ ਸੀ। ਦੂਜੀ ਕਾਰ ਨੰਬਰ ਪੀਬੀ-09-ਆਰ-7105 ਬਲਜਿੰਦਰ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਖੱਖਾਂ (ਹੁਸ਼ਿਆਰਪੁਰ) ਚਲਾ ਰਿਹਾ ਸੀ। ਤੀਜੀ ਕਾਰ ਨੰਬਰ ਪੀਬੀ-06-ਏਐੱਚ-0312 ਨੂੰ ਸੁਖਵੰਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਭੂਲਪੁਰ (ਹੁਸ਼ਿਆਰਪੁਰ) ਚਲਾ ਰਿਹਾ ਸੀ। ਇਸ ਤੋਂ ਇਲਾਵਾ ਸਕੂਲ ਵੈਨ ਨੰਬਰ ਪੀਬੀ-08-ਸੀਐੱਚ-8286 ਨੂੰ ਰਾਜਪਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਲੰਮਾ ਪਿੰਡ, ਜਲੰਧਰ ਚਲਾ ਰਿਹਾ ਸੀ। ਅੱਡਾ ਕਾਲਾ ਬੱਕਰਾ ਨੇੜੇ ਚਾਰਾਂ ਵਾਹਨਾਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਨੇ ਐੱਨਐੱਚਏਆਈ ਦੀ ਗੱਡੀ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਇਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਸੁਚਾਰੂ ਕੀਤਾ। ਇਸ ਮਾਮਲੇ ਸਬੰਧੀ ਚੌਕੀ ਅਲਾਵਲਪੁਰ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।