ਪਾਬੰਦੀਸ਼ੁਦਾ ਦਵਾਈਆਂ ਸਮੇਤ ਤਿੰਨ ਕਾਬੂ
ਪਾਬੰਦੀਸ਼ੁਦਾ ਦਵਾਈਆਂ ਨਾਲ ਦੋ ਸਕੇ ਭਰਾਵਾਂ ਸਮੇਤ ਤਿੰਨ ਕਾਬੂ
Publish Date: Sun, 18 Jan 2026 06:56 PM (IST)
Updated Date: Mon, 19 Jan 2026 04:15 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਪੰਜ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕਰਦਿਆਂ ਦੋ ਸਕੇ ਭਰਾਵਾਂ ਤੇ ਇਕ ਹੋਰ ਨੌਜਵਾਨ ਨੂੰ ਪਾਬੰਦੀਸ਼ੁਦਾ ਦਵਾਈਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਏਐੱਸਆਈ ਪ੍ਰੇਮ ਪਾਲ ਸਿੰਘ ਨੇ ਸਨ ਸਿਟੀ ਕੋਲੋਂ ਗਸ਼ਤ ਦੌਰਾਨ ਦੋ ਸਕੇ ਭਰਾਵਾਂ ਵਿਨੇ ਸਹੋਤਾ ਤੇ ਮੰਥਨ ਸਹੋਤਾ ਵਾਸੀ ਬਸਤੀ ਸ਼ੇਖ ਤੋਂ 41 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਏਐੱਸਆਈ ਬਲਵਿੰਦਰ ਕੁਮਾਰ ਨੇ ਬਾਬੂ ਜਗਜੀਵਨ ਰਾਮ ਚੌਕ ’ਚ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਪੈਦਲ ਆ ਰਹੇ ਇਕ ਨੌਜਵਾਨ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਉਹ ਇਕਦਮ ਘਬਰਾ ਗਿਆ ਤੇ ਪਿੱਛੇ ਦੀ ਮੁੜ ਪਿਆ। ਸ਼ੱਕ ਪੈਣ ’ਤੇ ਏਐੱਸਆਈ ਬਲਵਿੰਦਰ ਕੁਮਾਰ ਨੇ ਉਸ ਨੂੰ ਰੋਕ ਕੇ ਜਦ ਉਸ ਦਾ ਨਾਂ ਪੁੱਛਿਆ ਤਾਂ ਉਸਨੇ ਆਪਣਾ ਨਾਮ ਸੂਰਜ ਵਾਸੀ ਬਸਤੀ ਦਾਨਿਸ਼ਮੰਦਾਂ ਦੱਸਿਆ। ਜਦ ਪੁਲਿਸ ਪਾਰਟੀ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ 50 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ ਜਿਸ ਤੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।