ਚੋਰੀ ਦੇ ਦੋਪਹੀਆ ਵਾਹਨਾ ਸਮੇਤ ਤਿੰਨ ਕਾਬੂ
ਕਬਾੜੀਆ ਵੀ ਮਾਮਲੇ ਵਿੱਚ ਨਾਮਜਦ
Publish Date: Fri, 02 Jan 2026 06:39 PM (IST)
Updated Date: Fri, 02 Jan 2026 06:41 PM (IST)

ਮੋਟਰਸਾਈਕਲਾਂ ਦੇ ਪੁਰਜੇ ਕੱਢ ਕੇ ਚੋਰੀ ਵੇਚਦੇ ਸਨ ਕਬਾੜੀਏ ਨੂੰ, ਕਬਾੜੀਆ ਨਾਮਜ਼ਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੇ ਐੱਸਐੱਚਓ ਇੰਸਪੈਕਟਰ ਮੋਹਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਮੋਟਰਸਾਈਕਲ, ਐਕਟਿਵਾ ਤੇ ਇਕ ਮੋਟਰਸਾਈਕਲ ਦੇ ਪੁਰਜੇ ਬਰਾਮਦ ਕੀਤੇ ਹਨ। ਇਹੀ ਗਿਰੋਹ ਮੋਟਰਸਾਈਕਲ ਆਦਿ ਚੋਰੀ ਕਰਨ ਤੋਂ ਬਾਅਦ ਉਸ ਦੇ ਪੁਰਜੇ ਕੱਢ ਕੇ ਕਬਾੜੀਆਂ ਨੂੰ ਵੇਚਦੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਦਾ ਸਾਮਾਨ ਖਰੀਦਣ ਵਾਲੇ ਕਬਾੜੀਏ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕਰ ਲਿਆ ਹੈ, ਜਿਸ ਦੀ ਭਾਲ ’ਚ ਪੁਲਿਸ ਛਾਪਾਮਾਰੀ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ 27 ਦਸੰਬਰ ਨੂੰ ਏਐੱਸਆਈ ਜਰਮਨਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਹਾਊਸ ’ਚ ਸਥਿਤ ਲਕਸ਼ਮੀ ਨਾਰਾਇਣ ਮੰਦਰ ਲਾਗੇ ਸ਼ੁਭਮ ਵਾਸੀ ਭਾਰਗੋ ਨਗਰ ਦਾ ਮੋਟਰਸਾਈਕਲ ਖੋਹ ਕੇ ਭੱਜ ਰਹੇ ਲੁਟੇਰਿਆਂ ਵਿੱਚੋਂ ਇਕ ਲੁਟੇਰੇ ਨੂੰ ਮੌਕੇ ’ਤੇ ਹੀ ਲੋਕਾਂ ਨੇ ਕਾਬੂ ਕਰ ਲਿਆ ਹੈ, ਜਦਕਿ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਮਗਰੋਂ ਤੁਰੰਤ ਏਐੱਸਆਈ ਜਰਮਨਜੀਤ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਭੇਜਿਆ ਗਿਆ। ਜਿਨ੍ਹਾਂ ਨੇ ਕਾਬੂ ਕੀਤੇ ਗਏ ਲੁਟੇਰੇ, ਜਿਸ ਦੀ ਪਛਾਣ ਅਨੁਜ ਅਰੋੜਾ ਵਾਸੀ ਪਿੰਡ ਨਡਾਲਾ ਕਪੂਰਥਲਾ ਦੇ ਰੂਪ ਵਿੱਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਦੂਜੇ ਸਾਥੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਨਡਾਲਾ ਕਪੂਰਥਲਾ ਦੱਸਿਆ। ਇਸ ਮਗਰੋਂ 28 ਦਿਸੰਬਰ ਨੂੰ ਏਐੱਸਆਈ ਨੇ ਗੁਰਪ੍ਰੀਤ ਸਿੰਘ ਨੂੰ ਵੀ ਕਾਬੂ ਕਰ ਲਿਆ। ਪੁਲਿਸ ਨੇ ਜਦੋਂ ਗੁਰਪ੍ਰੀਤ ਸਿੰਘ ਕੋਲੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਆਪਣੇ ਇੱਕ ਹੋਰ ਸਾਥੀ ਆਸ਼ੂ ਕੁਮਾਰ ਵਾਸੀ ਪਿੰਡ ਨਡਾਲਾ ਬਾਰੇ ਦੱਸਿਆ ਜੋ ਕਿ ਇਹਨਾਂ ਦੇ ਗਿਰੋਹ ਦਾ ਮੈਂਬਰ ਹੈ। ਏਐੱਸਆਈ ਜਰਮਨਜੀਤ ਸਿੰਘ ਨੇ 29 ਦਸੰਬਰ ਨੂੰ ਆਸ਼ੂ ਕੁਮਾਰ ਨੂੰ ਵੀ ਕਾਬੂ ਕਰ ਲਿਆ। ਪੁਲਿਸ ਨੇ ਨਿਸ਼ਾਨਦੇਹੀ ’ਤੇ ਤਿੰਨ ਮੋਟਰਸਾਈਕਲ, ਇਕ ਐਕਟਿਵਾ ਅਤੇ ਇਕ ਮੋਟਰਸਾਈਕਲ ਦੇ ਪੁਰਜੇ ਬਰਾਮਦ ਕੀਤੇ ਹਨ। ਮੁੱਢਲੀ ਪੁੱਛਗਿਛ ’ਚ ਇਨ੍ਹਾਂ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਪੁਰਜੇ ਕੱਢ ਕੇ ਰਣਜੀਤ ਸਿੰਘ ਉਰਫ ਕਾਕਾ ਕਬਾੜੀਆ ਵਾਸੀ ਕਪੂਰਥਲਾ ਨੂੰ ਵੇਚਦੇ ਸਨ। ਪੁਲਿਸ ਨੇ ਰਣਜੀਤ ਸਿੰਘ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕਰ ਲਿਆ ਹੈ। ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਕਬਾੜੀਏ ਦੀ ਭਾਲ ’ਚ ਪੁਲਿਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਉਮੀਦ ਹੈ ਕਿ ਜਲਦ ਹੀ ਕਬਾੜੀਏ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਫੜੇ ਗਏ ਮੁਲਜ਼ਮਾਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਚੋਰੀ ਦੇ ਹੋਰ ਵੀ ਦੋ ਪਹੀਆ ਵਾਹਨ ਬਰਾਮਦ ਹੋਣਗੇ।