ਡਰੱਗ ਰੈਕੇਟ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਹੋਵੇ : ਪਰਗਟ ਸਿੰਘ
'ਆਪ' ਆਗੂਆਂ ਨਾਲ ਜੁੜੇ ਇਸ ਵੱਡੇ ਡਰੱਗ ਰੈਕੇਟ ਦੀ ਜਾਂਚ
Publish Date: Thu, 19 Mar 2026 10:20 PM (IST)
Updated Date: Thu, 19 Mar 2026 10:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਾਫ਼-ਸੁਥਰਾ ਤੇ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਹੁਣ ਆਪਣਾ ਮੂੰਹ ਲੁਕਾਉਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਜਦੋਂ ਉਸ ਦੇ ਆਪਣੇ ਸਰਪੰਚ ਤੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਕਰੋੜਾਂ ਰੁਪਏ ਦੀ ਹੈਰੋਇਨ ਤਸਕਰੀ ਕਰਦੇ ਫੜੇ ਜਾ ਰਹੇ ਹਨ, ਜਿਨ੍ਹਾਂ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਇਸ ਉੱਚ ਪੱਧਰੀ ਡਰੱਗ ਤਸਕਰੀ ਦੀ ਜਾਂਚ ਐੱਨਸੀਬੀ ਜਾਂ ਸੀਬੀਆਈ ਤੇ ਹਾਈ ਕੋਰਟ ਵਰਗੀ ਕੇਂਦਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ। ਨਸ਼ਿਆਂ ਤੋਂ ਕਮਾਏ ਪੈਸੇ ਦਾ ਨਿਵੇਸ਼ ਕਿੱਥੇ ਕੀਤਾ ਜਾ ਰਿਹਾ ਹੈ? ਕੀ ਇਸਨੂੰ ਚੋਣਾਂ ’ਚ ਪਾਰਟੀ ਫੰਡ ਵਜੋਂ ਵਰਤਿਆ ਜਾ ਰਿਹਾ ਹੈ? ਇਸ ਦਾ ਵੀ ਖੁਲਾਸਾ ਹੋਣਾ ਚਾਹੀਦਾ ਹੈ। ਇੱਥੇ ਸਵਾਲ ਇਹ ਹੈ ਕਿ ਕੀ ਇੰਨਾ ਵੱਡਾ ਨਸ਼ਾ ਤਸਕਰੀ ਰੈਕੇਟ ਸਰਕਾਰ ਦੇ ਸਮਰਥਨ ਤੋਂ ਬਿਨਾਂ ਚਲਾਇਆ ਜਾ ਸਕਦਾ ਹੈ?
ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਇਹ ਉਨ੍ਹਾਂ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਹੈ। ਸਰਕਾਰ ਦੀ ਮੁਹਿੰਮ ਜਾਂਚ ਅਧੀਨ ਹੈ। ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ, ਆਮ ਆਦਮੀ ਪਾਰਟੀ ਦੇ ਸਰਪੰਚ ਤੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਤੋਂ 18 ਕਿੱਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਸੀ, ਤੇ ਹੁਣ ਮਜੀਠਾ ਦੇ ਕੋਟ ਹਿਰਦੇ ਰਾਮ ਪਿੰਡ ’ਚ ਆਮ ਆਦਮੀ ਪਾਰਟੀ ਦੇ ਇਕ ਹੋਰ ਸਰਪੰਚ ਲਵਪ੍ਰੀਤ ਸਿੰਘ ਤੋਂ 4 ਕਿੱਲੋਗ੍ਰਾਮ 300 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਸਰਪੰਚਾਂ ਤੋਂ ਇੰਨੀ ਵੱਡੀ ਮਾਤਰਾ ’ਚ ਹੈਰੋਇਨ ਦੀ ਬਰਾਮਦਗੀ ਪੁਲਿਸ ਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਇਸ ਵੱਡੇ ਪੱਧਰ 'ਤੇ ਤਸਕਰੀ ਦੀਆਂ ਕੜੀਆਂ ਜੋੜ ਕੇ ਨੈੱਟਵਰਕ ਨੂੰ ਤੋੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਭਾਰੀ ਬਹੁਮਤ ਨਾਲ ਸੱਤਾ ਸੌਂਪੀ ਸੀ। ਉਸ ਸਮੇਂ 'ਆਪ' ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਸਨ ਜੋ ਅੱਜ ਤੱਕ ਪੂਰੇ ਨਹੀਂ ਹੋਏ।