ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ ਤੇ ਹੋਰ ਸਾਮਾਨ ਚੋਰੀ
ਲਾਂਬੜਾ ’ਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ ਤੇ ਹੋਰ ਸਾਮਾਨ ਚੋਰੀ
Publish Date: Thu, 01 Jan 2026 09:17 PM (IST)
Updated Date: Fri, 02 Jan 2026 04:14 AM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਕਸਬੇ ਦੇ ਮੇਨ ਬਾਜ਼ਾਰ ਤੋਂ ਕੁਝ ਹੀ ਮੀਟਰ ਦੂਰੀ ’ਤੇ ਸਥਿਤ ਘਰ ਨੂੰ ਚੋਰਾਂ ਵੱਲੋਂ ਬੀਤੀ ਰਾਤ ਨਿਸ਼ਾਨਾ ਬਣਾ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰ ਘਰ ’ਚੋਂ ਸੋਨਾ, ਨਕਦੀ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਅੰਮ੍ਰਿਤ ਸਿੰਘ ਵਾਸੀ ਪਿੰਡ ਭਗਵਾਨਪੁਰ ਨੇ ਦੱਸਿਆ ਕਿ ਨਵਾਂ ਸਾਲ ਚੜ੍ਹਨ ਦੀ ਖੁਸ਼ੀ ’ਚ ਰਾਤ ਉਨ੍ਹਾਂ ਦਾ ਪਰਿਵਾਰ ਨਾਲ ਕਿਸੇ ਧਾਰਮਿਕ ਸਥਾਨ ’ਤੇ ਨਤਮਸਤਕ ਹੋਣ ਗਿਆ ਸੀ। ਵੀਰਵਾਰ ਜਦੋਂ ਸਵੇਰੇ 5 ਵਜੇ ਵਾਪਸ ਘਰੇ ਪਰਤੇ ਤਾਂ ਦੇਖਿਆ ਕਿ ਘਰ ਦੇ ਮੁੱਖ ਗੇਟ ਦਾ ਤਾਲਾ ਲੱਗਾ ਹੋਇਆ ਸੀ ਤੇ ਅੰਦਰਲੇ ਸਾਰੇ ਤਾਲੇ ਵੀ ਟੁੱਟੇ ਹੋਏ ਸਨ। ਸਾਰਾ ਸਮਾਨ ਖਿੱਲਰਿਆ ਹੋਇਆ ਸੀ ਤੇ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ। ਉਸ ਨੇ ਦੱਸਿਆ ਕਿ ਚੋਰ ਅਲਮਾਰੀ ’ਚੋਂ ਢਾਈ ਤੋਲੇ ਸੋਨਾ, 80,000 ਦੇ ਕਰੀਬ ਨਕਦੀ, ਦੋ ਮਹਿੰਗੇ ਗੁੱਚੀ ਦੇ ਬੈਗ, ਦੋ ਲਗਜ਼ਰੀ ਘੜੀਆਂ ਤੇ 2 ਮੋਬਾਈਲ ਫੋਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਲਾਬੜਾ ਪੁਲਿਸ ਨੂੰ ਦਿੱਤੀ ਗਈ। ਥਾਣਾ ਲਾਬੜਾ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।