ਕੋਠੀ ’ਚੋਂ ਨਕਦੀ ਤੇ ਗਹਿਣੇ ਚੋਰੀ
ਅਵਤਾਰ ਨਗਰ ਦੀ ਕੋਠੀ ’ਚ ਚੋਰਾਂ ਦਾ ਧਾਵਾ
Publish Date: Fri, 06 Feb 2026 06:27 PM (IST)
Updated Date: Fri, 06 Feb 2026 06:29 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਅਵਤਾਰ ਨਗਰ ’ਚ ਸਥਿਤ ਇਕ ਕੋਠੀ ’ਚ ਚੋਰਾਂ ਨੇ ਧਾਵਾ ਬੋਲਦਿਆਂ ਕੋਠੀ ਦੇ ਤਾਲੇ ਭੰਨ ਕੇ ਕੋਠੀ ਅੰਦਰੋਂ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ, ਲੱਖਾਂ ਰੁਪਏ ਸੋਨੇ ਦੇ ਗਹਿਣੇ ਤੇ ਹਜ਼ਾਰਾਂ ਦੀ ਭਾਰਤੀ ਕਰੰਸੀ ’ਤੇ ਹੱਥ ਸਾਫ ਕਰ ਲਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਾਮ ਲਾਲ ਵਾਸੀ ਅਵਤਾਰ ਨਗਰ ਰਾਮਾ ਮੰਡੀ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰ ਦੇ ਘਰ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਜਦੋਂ ਅਗਲੇ ਦਿਨ ਸਵੇਰੇ ਉਹ ਘਰ ਵਾਪਸ ਪਰਤੇ ਤਾਂ ਗੇਟ ਦੇ ਤਾਲੇ ਟੁੱਟੇ ਪਏ ਸਨ। ਜਦ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਦੇ ਹਾਲਾਤ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਅਲਮਾਰੀ ਦੇ ਲਾਕਰ ਟੁੱਟੇ ਪਏ ਸਨ। ਜਦ ਉਨ੍ਹਾਂ ਨੇ ਜਾਂਚ ਕੀਤੀ ਤਾਂ ਅਲਮਾਰੀ ’ਚੋਂ 3 ਹਜ਼ਾਰ ਕੈਨੇਡੀਅਨ ਡਾਲਰ, 70 ਹਜਾਰ ਰੁਪਏ ਨਕਦੀ ਇਕ ਸੋਨੇ ਦਾ ਸੈਟ, ਇਕ ਸੋਨੇ ਦੀ ਚੇਨ, ਸੋਨੇ ਦੀਆਂ ਵਾਲੀਆਂ ਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਚੋਰੀ ਦੀ ਸੂਚਨਾ ਤੁਰੰਤ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਐੱਸਆਈ ਸੇਵਾ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਸ਼ਾਮ ਲਾਲ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਘਰ ਦੇ ਮਾਲਕ ਸ਼ਾਮ ਲਾਲ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖਿਲਾਫ ਧਾਰਾ 305 331(4) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਕੋਠੀ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਸੇਵਾ ਸਿੰਘ ਨੇ ਦੱਸਿਆ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।