ਬਜ਼ੁਰਗ ਦੇ ਘਰੋਂ ਨਕਦੀ, ਗਹਿਣੇ ਤੇ ਗੈਸ ਸਿਲੰਡਰ ਚੋਰੀ
ਬਜ਼ੁਰਗ ਔਰਤ ਦੇ ਘਰੋ ਚੋਰ ਨਕਦੀ, ਗਹਿਣੇ ਤੇ ਇਕ ਗੈਸ ਸਿਲੰਡਰ ਲੈ ਕੇ ਫਰਾਰ
Publish Date: Wed, 01 Apr 2026 10:39 PM (IST)
Updated Date: Wed, 01 Apr 2026 10:43 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕੈਂਟ ਦੇ ਇਲਾਕੇ ’ਚ ਚੋਰਾਂ ਨੇ ਦਿਨ-ਦਿਹਾੜੇ ਇਕ ਬਜ਼ੁਰਗ ਔਰਤ ਦੇ ਘਰ ਨੂੰ ਨਿਸ਼ਾਨਾ ਬਣਾਇਆ। ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਹੋਰ ਤਾਂ ਹੋਰ ਚੋਰਾਂ ਨੇ ਰਸੋਈ ਵਿਚੋਂ ਗੈਸ ਸਿਲੰਡਰ ਵੀ ਚੋਰੀ ਕਰ ਲਿਆ। ਘਟਨਾ ਸਮੇਂ ਪੀੜਤਾ ਦਵਾਈ ਲੈਣ ਲਈ ਹਸਪਤਾਲ ਗਈ ਸੀ। ਇਸ ਦੌਰਾਨ ਘਰੇਲੂ ਨੌਕਰਾਣੀ ਵੀ ਲਾਪਤਾ ਹੈ, ਜਿਸ ਨਾਲ ਉਸ ਵਿਰੁੱਧ ਸ਼ੱਕ ਹੋਰ ਡੂੰਘਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਬਜ਼ੁਰਗ ਔਰਤ ਆਪਣੇ ਇਲਾਜ ਲਈ ਹਸਪਤਾਲ ਗਈ ਹੋਈ ਸੀ ਤਾਂ ਚੋਰਾਂ ਨੇ ਘਰ ਦੇ ਤਾਲੇ ਤੋੜ ਦਿੱਤੇ ਅਤੇ ਦਾਖਲ ਹੋ ਗਏ। ਅਲਮਾਰੀਆਂ ਦੀ ਭੰਨ-ਤੋੜ ਕਰਦੇ ਹੋਏ ਚੋਰਾਂ ਨੇ ਸੋਨੇ ਦੀਆਂ ਮੁੰਦਰੀਆਂ ਕੰਨਾਂ ਦੀਆਂ ਵਾਲੀਆਂ, ਦੋ ਮੋਬਾਈਲ ਫੋਨ, ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਚੋਰ ਇਕ ਭਾਰੀ ਗੈਸ ਸਿਲੰਡਰ ਵੀ ਆਪਣੇ ਨਾਲ ਲੈ ਗਏ। ਘਰ ’ਚ ਕੰਮ ਕਰਨ ਵਾਲੀ ਘਰੇਲੂ ਨੌਕਰਾਣੀ ਘਟਨਾ ਮਗਰੋਂ ਲਾਪਤਾ ਹੈ। ਪਰਿਵਾਰ ਦਾ ਮੰਨਣਾ ਹੈ ਕਿ ਉਸ ਨੇ ਜਾਂ ਤਾਂ ਚੋਰਾਂ ਨੂੰ ਘਰ ਬਾਰੇ ਜਾਣਕਾਰੀ ਦਿੱਤੀ ਸੀ ਜਾਂ ਉਹ ਖੁਦ ਚੋਰੀ ’ਚ ਸ਼ਾਮਲ ਸੀ। ਪੁਲਿਸ ਨੂੰ ਸ਼ੱਕ ਹੈ ਕਿ ਨੌਕਰਾਣੀ ਨੇ ਅਹਾਤੇ ਦੀ ਜਾਸੂਸੀ ਕੀਤੀ ਤੇ ਅਪਰਾਧ ਨੂੰ ਅੰਜਾਮ ਦਿੱਤਾ। --- ਪੀੜਤ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਪ੍ਰਗਟਾਇਆ ਗੁੱਸਾ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਪੁਲਿਸ ਇਸ ਸੰਵੇਦਨਸ਼ੀਲ ਮਾਮਲੇ ਪ੍ਰਤੀ ਢਿੱਲਾ ਰਵੱਈਆ ਅਪਣਾ ਰਹੀ ਹੈ। ਉਹ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ’ਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਹਨ, ਹਾਲਾਂਕਿ ਚੋਰਾਂ ਬਾਰੇ ਸੁਰਾਗ ਪਹਿਲੇ ਕੁਝ ਘੰਟਿਆਂ ਵਿੱਚ ਹੀ ਪ੍ਰਾਪਤ ਕੀਤੇ ਜਾ ਸਕਦੇ ਸਨ। ਫਿਲਹਾਲ ਕੈਂਟ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ,ਹਾਲਾਂਕਿ, ਉਨ੍ਹਾਂ ਨੂੰ ਅਜੇ ਤੱਕ ਚੋਰਾਂ ਜਾਂ ਲਾਪਤਾ ਨੌਕਰਾਣੀ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।