ਸਟੋਰ ਦਾ ਸ਼ਟਰ ਤੋੜ ਕੇ 60 ਹਜ਼ਾਰ ਦਾ ਸਾਮਾਨ ਚੋਰੀ
ਸਟੋਰ ਦਾ ਸ਼ਟਰ ਤੋੜ ਕੇ ਚੋਰ ਬੀੜੀਆਂ–ਸਿਗਰਟਾਂ ਲੈ ਗਏ, ਕਰੀਬ 60 ਹਜ਼ਾਰ ਦਾ ਨੁਕਸਾਨ
Publish Date: Sat, 17 Jan 2026 06:48 PM (IST)
Updated Date: Sat, 17 Jan 2026 06:51 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਇਲਾਕੇ ’ਚ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਘਟਣ ਦੀ ਬਜਾਏ ਲਗਾਤਾਰ ਵੱਧ ਰਹੀਆਂ ਹਨ। ਬੀਤੀ ਰਾਤ ਫਿਲੌਰ ਰੇਲਵੇ ਸਟੇਸ਼ਨ ਸਰਾਂ ਬਾਜ਼ਾਰ ’ਚ ਅਸ਼ਵਨੀ ਕੁਮਾਰ ਫੌਜੀ ਦੀ ਬੀੜੀਆਂ ਤੇ ਸਿਗਰਟਾਂ ਦੀ ਦੁਕਾਨ ਨੂੰ ਤਿੰਨ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਇਆ। ਪ੍ਰਾਪਤ ਜਾਣਕਾਰੀ ਮੁਤਾਬਕ ਚੋਰਾਂ ਨੇ ਸੱਬਲ ਦੀ ਮਦਦ ਨਾਲ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰੀਬ 60 ਹਜ਼ਾਰ ਰੁਪਏ ਦੀਆਂ ਸਿਗਰਟਾਂ ਤੇ ਬੀੜੀਆਂ ਚੋਰੀ ਕਰ ਲਈਆਂ। ਇਸ ਦੇ ਨਾਲ ਹੀ ਗੱਲੇ ’ਚ ਪਿਆ ਕਰੀਬ 4200 ਰੁਪਏ ਨਕਦ ਤੇ ਕੁਝ ਜ਼ਰੂਰੀ ਕਾਗਜ਼ਾਤ ਵੀ ਚੋਰ ਆਪਣੇ ਨਾਲ ਲੈ ਗਏ। ਪੀੜਤ ਦੁਕਾਨਦਾਰ ਅਸ਼ਵਨੀ ਕੁਮਾਰ ਫੌਜੀ ਨੇ ਦੱਸਿਆ ਕਿ ਚੋਰੀ ਦੀ ਇਹ ਸਾਰੀ ਵਾਰਦਾਤ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ’ਚ ਤਿੰਨ ਚੋਰ ਸਾਮਾਨ ਬੈਗਾਂ ’ਚ ਭਰ ਕੇ ਲੈ ਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਫਿਲੌਰ ’ਚ ਰਾਤ ਕਰੀਬ 2:45 ਵਜੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਪੁਲਿਸ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ ਸੀ। ਜਦੋਂ ਇਸ ਸਬੰਧੀ ਥਾਣਾ ਫਿਲੌਰ ਦੇ ਡਿਊਟੀ ਅਫਸਰ ਥਾਣੇਦਾਰ ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।