ਗੈਸ ਏਜੰਸੀ ’ਚੋਂ ਨਕਦੀ ਤੇ ਮੋਬਾਈਲ ਚੋਰੀ
ਚੋਰ ਨੇ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ
Publish Date: Fri, 10 Apr 2026 08:05 PM (IST)
Updated Date: Fri, 10 Apr 2026 08:08 PM (IST)
-ਘਟਨਾ ਸੀਸੀਟੀਵੀ ਕੈਮਰੇ ’ਚ ਕੈਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਜੀਟੀਬੀ ਨਗਰ ’ਚ ਸਥਿਤ ਇਕ ਗੈਸ ਏਜੰਸੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਨੇ ਦਫਤਰ ਅੰਦਰੋਂ ਹਜ਼ਾਰਾਂ ਦੀ ਨਕਦੀ ਤੇ ਇਕ ਮਹਿੰਗਾ ਮੋਬਾਈਲ ਚੋਰੀ ਕਰ ਲਿਆ। ਉਕਤ ਸਾਰੀ ਘਟਨਾ ਦਫਤਰ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਾਣਕਾਰੀ ਦਿੰਦੇ ਹੋਏ ਸਰਵੋਧਿਆ ਗੈਸ ਏਜੰਸੀ ਗੁਰੂ ਤੇਗ ਬਹਾਦਰ ਨਗਰ ਦੇ ਮੈਨੇਜਰ ਵਿੱਕੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 9 ਵਜੇ ਜਦੋਂ ਉਹ ਦਫਤਰ ਪੁੱਜਾ ਤਾਂ ਦਫਤਰ ਦੇ ਅੰਦਰ ਦੇ ਸਾਰੇ ਤਾਲੇ ਟੁੱਟੇ ਪਏ ਸਨ ਤੇ ਲਾਕਰ ਦਾ ਤਾਲਾ ਵੀ ਟੁੱਟਿਆ ਪਿਆ ਸੀ। ਲਾਕਰ ’ਚ ਪਈ ਤਕਰੀਬਨ 50 ਤੋਂ 60 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਮੋਬਾਈਲ ਫੋਨ ਗਾਇਬ ਸੀ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਏਜੰਸੀ ਦੇ ਮਾਲਕ ਨੂੰ ਦਿੱਤੀ, ਜੋ ਮੌਕੇ ’ਤੇ ਪੁੱਜੇ ਤੇ ਥਾਣਾ ਨੰਬਰ ਛੇ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਵਿੱਕੀ ਨੇ ਦੱਸਿਆ ਕਿ ਜਦ ਉਸ ਨੇ ਦਫਤਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ’ਚ ਸਕੂਟਰ ’ਤੇ ਆਇਆ ਇਕ ਨੌਜਵਾਨ, ਜਿਸ ਨੇ ਸਕੂਟਰ ਕੁਝ ਦੂਰੀ ’ਤੇ ਖੜ੍ਹਾ ਕਰਕੇ ਦਫਤਰ ਦੇ ਪਿਛਲੀ ਸਾਈਡ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਤੇ ਘਟਨਾ ਨੂੰ ਅੰਜਾਮ ਦਿੱਤਾ। ਉਹ ਤੜਕੇ ਤਿੰਨ ਤੋਂ ਸਵਾ ਤਿੰਨ ਵਜੇ ’ਚ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਗਿਆ ਹੈ। ਵਿੱਕੀ ਨੇ ਦੱਸਿਆ ਕਿ ਸਾਹਮਣੇ ਗੁਰਦੁਆਰਾ ਸਾਹਿਬ ਹੋਣ ਕਾਰਨ ਤੜਕੇ ਹੀ ਸੰਗਤਾਂ ਮੱਥਾ ਟੇਕਣ ਲਈ ਪੁੱਜ ਜਾਂਦੀਆਂ ਹਨ ਪਰ ਇਸ ਤੋਂ ਬੇਖਬਰ ਚੋਰ ਨੇ ਘਟਨਾ ਨੂੰ ਅੰਜਾਮ ਦੇ ਕੇ ਆਪਣੇ ਦਲੇਰੀ ਦਿਖਾਈ ਹੈ। ਮੌਕੇ ’ਤੇ ਪੁੱਜੀ ਥਾਣਾ ਨੰਬਰ ਛੇ ਦੀ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।