ਕੰਧ ਟੱਪ ਕੇ ਆਇਆ ਚੋਰ ਮੋਟਰਸਾਈਕਲ ਲੈ ਕੇ ਫ਼ਰਾਰ
ਡਿਸਪੋਜਲ ਪਲਾਂਟ ਦੀ ਕੰਧ ਟੱਪ ਕੇ ਆਇਆ ਚੋਰ ਮੋਟਰਸਾਈਕਲ ਚੋਰੀ ਕਰਕੇ ਫਰਾਰ
Publish Date: Wed, 18 Mar 2026 09:59 PM (IST)
Updated Date: Wed, 18 Mar 2026 10:01 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਅਧੀਨ ਆਉਂਦੀ ਸ਼ਹੀਦ ਭਗਤ ਸਿੰਘ ਕਾਲੋਨੀ ’ਚ ਬੀਤੀ 16 ਮਾਰਚ ਦੀ ਰਾਤ ਨੂੰ ਡਿਸਪੋਜ਼ਲ ਪਲਾਂਟ ਦੇ ਅੰਦਰ ਖੜ੍ਹਾ ਮੋਟਰਸਾਈਕਲ ਚੋਰ ਚੋਰੀ ਕਰਕੇ ਫਰਾਰ ਹੋ ਗਿਆ। ਇਸ ਸਬੰਧੀ ਪੀੜਤ ਗੁਰਦੀਪ ਦੀਪਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 9 ਵਜੇ ਆਪਣੀ ਡਿਊਟੀ ’ਤੇ ਆਇਆ ਸੀ ਤਾਂ ਉਸ ਨੇ ਆਪਣਾ ਮੋਟਰਸਾਈਕਲ ਅੰਦਰ ਖੜ੍ਹਾ ਕਰਕੇ ਤਾਲਾ ਲਾ ਕੇ ਚਾਬੀ ਆਪਣੇ ਕੋਲ ਰੱਖੀ ਸੀ ਤਾਂ ਉਹ ਤਕਰੀਬਨ ਰਾਤ 9.30 ਤੇ ਖਾਣਾ ਖਾ ਰਿਹਾ ਸੀ ਤਾਂ ਇਕ ਚੋਰ ਕੰਧ ਟੱਪ ਕੇ ਅੰਦਰ ਆਇਆ ਜੋ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਗੇਟ ਰਾਹੀਂ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਉਸ ਵੇਲੇ ਪਤਾ ਲੱਗਾ ਜਦ ਚੋਰ ਨੇ ਮੋਟਰਸਾਈਕਲ ਬਾਹਰ ਜਾ ਕੇ ਸਟਾਰਟ ਕੀਤਾ। ਉਸਨੇ ਚੋਰ ਦਾ ਪਿੱਛਾ ਵੀ ਕੀਤਾ ਪਰ ਹਨੇਰਾ ਹੋਣ ਕਰਕੇ ਉਹ ਬਾਬਾ ਰੁਲੀਆ ਸ਼ਾਹ ਦੀ ਜਗ੍ਹਾ ’ਚੋਂ ਦੀ ਹੁੰਦਾ ਹੋਇਆ ਫਰਾਰ ਹੋ ਗਿਆ। ਆਸ ਪਾਸ ਦੀ ਸੀਸੀਟੀਵੀ ਫੁਟੇਜ ਖੰਘਾਲੀ ਗਈ ਤਾਂ ਉਸ ’ਚ ਨਜ਼ਰ ਆ ਰਿਹਾ ਹੈ ਉਸ ਵੱਲੋਂ ਪਹਿਲਾਂ ਵੀ ਉਸ ਇਲਾਕੇ ’ਚ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਜਦ ਮੋਟਰਸਾਈਕਲ ਦਾ ਤਾਲਾ ਤੋੜ ਰਿਹਾ ਸੀ ਤਾਂ ਉਥੇ ਮਾਲਕ ਮੌਕੇ ’ਤੇ ਪੁੱਜਣ ਕਰਕੇ ਉਹ ਉਥੋਂ ਫਰਾਰ ਹੋ ਕੇ ਉਸ ਦੇ ਡਿਸਪੋਜਲ ਪਲਾਂਟ ’ਚ ਆ ਕੇ ਲੁਕ ਗਿਆ ਸੀ। ਥੋੜੀ ਦੇਰ ਬਾਅਦ ਉਸ ਦਾ ਮੋਟਰਸਾਈਕਲ ਪੀਬੀ-07-ਏਐੱਲ 3187 ਚੋਰੀ ਕਰਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਘਟਨਾ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉਸ ਦਾ ਕਹਿਣਾ ਕਿ ਸੀਸੀਟੀਵੀ ’ਚ ਕੈਮਰੇ ’ਚ ਨਜ਼ਰ ਆ ਰਿਹਾ ਹੈ ਕਿ ਚੋਰੀ ਕਰਨ ਵਾਲਾ ਵਿਅਕਤੀ ਸ਼ਹੀਦ ਭਗਤ ਸਿੰਘ ਕਾਲੋਨੀ ’ਚ ਹੀ ਰਹਿੰਦਾ ਹੈ। ਪਰਿਵਾਰ ਨੂੰ ਜਾਣਕਾਰੀ ਦੇਣ ’ਤੇ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਉਸ ਨੂੰ ਬੇਦਖਲ ਕੀਤਾ ਹੋਇਆ ਹੈ ਪਰ ਦੋ ਦਿਨ ਬਾਅਦ ਵੀ ਪੁਲਿਸ ਉਸ ਨੂੰ ਕਾਬੂ ਨਹੀਂ ਕਰ ਸਕੀ।