ਮੰਦਰ ’ਚ ਚੋਰੀ ਦੀ ਕੋਸ਼ਿਸ਼ ਕਰਨ ਵਾਲਾ ਫੜਿਆ
ਮੰਦਿਰ ’ਚ ਚੋਰੀ ਦੀ ਕੋਸ਼ਿਸ਼ ਕਰਨ ਵਾਲੇ ਚੋਰ ਨੂੰ ਫੜਿਆ
Publish Date: Mon, 20 Apr 2026 09:35 PM (IST)
Updated Date: Mon, 20 Apr 2026 09:39 PM (IST)

-ਚੋਰ ਨੇ ਪਿਛਲੀਆਂ 6 ਘਟਨਾਵਾਂ ਕੀਤੀਆਂ ਕਬੂਲ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਮਿਲਾਪ ਚੌਕ ਨੇੜੇ ਮੁਹੱਲਾ ਕੋਟ ਪਕਸ਼ੀਆਂ ’ਚ ਸਥਿਤ ਵੈਰਾਗੀਆ ਮੰਦਰ ਦੇ ਸੇਵਾਦਾਰਾ ਨੇ ਇਕ ਵਿਅਕਤੀ ਨੂੰ ਉਸ ਵੇਲੇ ਮੌਕੇ ’ਤੇ ਹੀ ਕਾਬੂ ਕਰ ਲਿਆ ਜਦੋਂ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਦਰ ’ਚ ਵਾਪਰੀਆਂ ਪਿਛਲੀਆਂ ਚੋਰੀ ਦੀਆਂ ਘਟਨਾਵਾਂ ਨੂੰ ਵੀ ਕਬੂਲ ਕੀਤਾ। ਸੇਵਾਦਾਰ ਨੇ ਦੱਸਿਆ ਕਿ ਮੁਲਜ਼ਮ ਸਵੇਰੇ ਤੜਕੇ ਮੰਦਰ ’ਚ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਇਆ ਸੀ ਪਰ ਇਸ ਵਾਰ, ਉਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਿਆ। ਜਦੋਂ ਉਸਨੂੰ ਸ਼ੱਕ ਕਾਰਨ ਰੋਕਿਆ ਗਿਆ ਤੇ ਸਖ਼ਤ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਪਹਿਲਾਂ ਛੇ ਵਾਰ ਮੰਦਰ ’ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਪੁੱਛਗਿੱਛ ’ਚ ਇਹ ਵੀ ਖੁਲਾਸਾ ਹੋਇਆ ਕਿ ਫੜਿਆ ਗਿਆ ਮੁਲਜ਼ਮ ਮੰਦਰ ਦੇ ਸੇਵਾਦਾਰਾ ’ਚੋਂ ਇਕ ਦਾ ਰਿਸ਼ਤੇਦਾਰ ਸੀ, ਹਾਲਾਂਕਿ ਉਨ੍ਹਾਂ ਵਿਚਕਾਰ ਬੋਲਚਾਲ ਕਾਫੀ ਸਮੇਂ ਤੋਂ ਬੰਦ ਸੀ। ਉਨ੍ਹਾਂ ਦੱਸਿਆ ਕਿ ਜਦੋਂ ਚੋਰੀ ਹੋਈਆਂ ਚੀਜ਼ਾਂ ਬਾਰੇ ਪੁੱਛਿਆ ਗਿਆ ਤਾਂ ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਮੰਦਰ ’ਚੋਂ ਚੋਰੀ ਕੀਤੇ ਸੋਨੇ ਦੇ ਕੁਝ ਗਹਿਣੇ ਜਲੰਧਰ ਦੇ ਇਕ ਜਿਊਲਰ ਨੂੰ ਵੇਚੇ ਸਨ, ਜਦੋਂ ਕਿ ਉਸ ਨੇ ਆਪਣੇ ਜੱਦੀ ਪਿੰਡ ’ਚ ਹੋਰ ਗਹਿਣੇ ਵੇਚੇ ਸਨ। ਘਟਨਾ ਦੀ ਜਾਣਕਾਰੀ ਤੁਰੰਤ ਥਾਣਾ ਨੰਬਰ 4 ਦੀ ਪੁਲਿਸ ਨੂੰ ਦਿੱਤੀ ਗਈ। ਇਕ ਪੁਲਿਸ ਟੀਮ ਮੌਕੇ ’ਤੇ ਪੁੱਜੀ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਤੇ ਉਸ ਨੂੰ ਥਾਣੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਥਾਣਾ ਨੰਬਰ 4 ’ਚ ਅਜਿਹੀਆਂ ਘਟਨਾਵਾਂ ਬਾਰੇ ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕੀ ਚੋਰੀਆਂ ’ਚ ਕੋਈ ਹੋਰ ਵਿਅਕਤੀ ਸ਼ਾਮਲ ਸੀ। ਇਸ ਤੋਂ ਇਲਾਵਾ, ਚੋਰੀ ਹੋਏ ਗਹਿਣਿਆਂ ਨੂੰ ਬਰਾਮਦ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।