ਅੱਜ ਤੋਂ ਹੋਣਗੇ ਇਹ ਬਦਲਾਅ, ਤੁਹਾਡੀ ਜੇਬ ’ਤੇ ਪਵੇਗਾ ਅਸਰ
ਅੱਜ ਤੋਂ ਹੋਣਗੇ ਇਹ ਬਦਲਾਅ, ਤੁਹਾਡੀ ਜੇਬ ’ਤੇ ਪਵੇਗਾ ਅਸਰ
Publish Date: Tue, 31 Mar 2026 09:45 PM (IST)
Updated Date: Wed, 01 Apr 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇਕ ਅਪ੍ਰੈਲ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਹੀ ਸ਼ਹਿਰ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸਦਾ ਸਿੱਧਾ ਅਸਰ ਤੁਹਾਡੀ ਜੇਬ ’ਤੇ ਪਵੇਗਾ। ਸਥਾਨਕ ਪੱਧਰ ਤੋਂ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਬਦਲਾਅ ਤੋਂ ਬਾਅਦ ਜਿੱਥੇ ਕੁਝ ਨਵੀਆਂ ਸੁਵਿਧਾਵਾਂ ਮਿਲਣਗੀਆਂ, ਉੱਥੇ ਹੀ ਕਈ ਸੇਵਾਵਾਂ ਲਈ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਭੁਗਤਾਨ ਕਰਨਾ ਪਵੇਗਾ। ਆਮ ਲੋਕਾਂ ਨਾਲ ਜੁੜੇ ਇਹ ਬਦਲਾਅ ਇੱਕ ਅਪ੍ਰੈਲ ਤੋਂ ਲਾਗੂ ਹੋਣਗੇ। ਰਿਜ਼ਰਵ ਟਿਕਟ ਰੱਦ ਕਰਨ ’ਤੇ ਵੱਧ ਕਟੌਤੀ ਰੇਲਵੇ ਵੱਲੋਂ ਇੱਕ ਅਪ੍ਰੈਲ ਤੋਂ ਟਿਕਟ ਰੱਦ ਕਰਨ ਦੇ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਹਨ। ਜੇ ਯਾਤਰੀ 24 ਤੋਂ 72 ਘੰਟੇ ਪਹਿਲਾਂ ਟਿਕਟ ਰੱਦ ਕਰਦੇ ਹਨ ਤਾਂ ਰਿਫੰਡ ’ਚ 25 ਫੀਸਦੀ ਕਟੌਤੀ ਹੋਵੇਗੀ, ਜਦਕਿ 8 ਤੋਂ 24 ਘੰਟੇ ਪਹਿਲਾਂ ਰੱਦ ਕਰਨ ’ਤੇ 50 ਫੀਸਦੀ ਕਟੌਤੀ ਹੋਵੇਗੀ। 8 ਘੰਟਿਆਂ ਦੇ ਅੰਦਰ ਟਿਕਟ ਰੱਦ ਕਰਨ ’ਤੇ ਕੋਈ ਰਿਫੰਡ ਨਹੀਂ ਮਿਲੇਗਾ। ਪਹਿਲਾਂ 4 ਘੰਟਿਆਂ ਦੇ ਅੰਦਰ ਕੋਈ ਰਿਫੰਡ ਨਹੀਂ ਮਿਲਦਾ ਸੀ ਤੇ 4 ਤੋਂ 12 ਘੰਟਿਆਂ ਵਿੱਚ 50 ਫੀਸਦੀ ਤੇ 12 ਤੋਂ 48 ਘੰਟਿਆਂ ’ਚ 25 ਫੀਸਦੀ ਕਟੌਤੀ ਹੁੰਦੀ ਸੀ। ਵੰਦੇ ਭਾਰਤ ਐਕਸਪ੍ਰੈੱਸ 2 ਅਪ੍ਰੈਲ ਤੋਂ ਜਲੰਧਰ ਕੈਂਟ ’ਤੇ ਰੁਕੇਗੀ ਨਵੇਂ ਬਦਲਾਵਾਂ ’ਚ ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਟ੍ਰੇਨ ਨੂੰ 2 ਅਪ੍ਰੈਲ ਤੋਂ ਜਲੰਧਰ ਕੈਂਟ ਸਟੇਸ਼ਨ ’ਤੇ ਅਸਥਾਈ ਤੌਰ ’ਤੇ ਰੁਕਣ ਦੀ ਮਨਜ਼ੂਰੀ ਮਿਲ ਗਈ ਹੈ। ਪਹਿਲਾਂ ਇਹ ਟ੍ਰੇਨ ਨਵੀਂ ਦਿੱਲੀ ਤੋਂ ਸਵੇਰੇ 6 ਵਜੇ ਚੱਲ ਕੇ ਅੰਬਾਲਾ ਕੈਂਟ (8:10) ਅਤੇ ਲੁਧਿਆਣਾ (9:19) ਤੋਂ ਬਾਅਦ ਸਿੱਧੀ ਪਠਾਨਕੋਟ (11:15) ਰੁਕਦੀ ਸੀ। ਹੁਣ ਜਲੰਧਰ ਕੈਂਟ ’ਤੇ ਸਵੇਰੇ 10 ਵਜੇ ਪਹੁੰਚੇਗੀ ਤੇ 10:02 ’ਤੇ ਪਠਾਨਕੋਟ ਲਈ ਰਵਾਨਾ ਹੋਵੇਗੀ। ਵਾਪਸੀ ਵਿੱਚ ਪਠਾਨਕੋਟ ਤੋਂ ਸ਼ਾਮ 5:29 ’ਤੇ ਚੱਲ ਕੇ 6:51 ’ਤੇ ਜਲੰਧਰ ਕੈਂਟ ਪਹੁੰਚੇਗੀ ਤੇ 6:53 ’ਤੇ ਲੁਧਿਆਣਾ ਵੱਲ ਚੱਲੇਗੀ। ਇਸ ਨਾਲ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਸ਼ਰਾਬ ਹੋਈ ਮਹਿੰਗੀ ਇ੍ਕ ਅਪ੍ਰੈਲ ਤੋਂ ਸ਼ਰਾਬ ਦੇ ਰੇਟ ਵਧ ਜਾਣਗੇ। ਠੇਕੇਦਾਰਾਂ ਨੇ ਇੱਕ ਪੇਟੀ ’ਤੇ ਕਰੀਬ 500 ਰੁਪਏ ਦਾ ਵਾਧਾ ਕੀਤਾ ਹੈ। ਸਰਕਾਰ ਵੱਲੋਂ 7 ਫੀਸਦੀ ਵਾਧੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਨਾਲ ਇਕ ਬੋਤਲ ’ਤੇ ਲਗਭਗ 7 ਤੋਂ 10 ਫੀਸਦੀ ਤੱਕ ਵਾਧਾ ਹੋਵੇਗਾ। ਮੱਝ ਦੇ ਦੁੱਧ ਦਾ ਰੇਟ 5 ਰੁਪਏ ਪ੍ਰਤੀ ਲੀਟਰ ਵਧਿਆ ਜਮਸ਼ੇਰ ਡੇਅਰੀ ਵੈੱਲਫੇਅਰ ਸੋਸਾਇਟੀ ਨੇ ਇੱਕ ਅਪ੍ਰੈਲ ਤੋਂ ਗਾਂ ਤੇ ਮੱਝ ਦੇ ਦੁੱਧ ਦੇ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਇਸਦੇ ਅਨੁਸਾਰ ਦੋਵੇਂ ਦੇ ਦੁੱਧ ’ਚ 5 ਰੁਪਏ ਪ੍ਰਤੀ ਲੀਟਰ ਤੇ ਫੈਟ ਰੇਟ ’ਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੜ੍ਹ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਇਆ ਤੇ ਚਾਰੇ ਦੀਆਂ ਕੀਮਤਾਂ ਵਧਣ ਨਾਲ ਉਨ੍ਹਾਂ ਨੂੰ ਘਾਟਾ ਪੈ ਰਿਹਾ ਸੀ। ਨਵੇਂ ਰੇਟਾਂ ਅਨੁਸਾਰ ਫੈਟ ਰੇਟ 10.50 ਰੁਪਏ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 9.50 ਰੁਪਏ ਸੀ। ਅੱਜ ਤੋਂ ਸ਼ਹਿਰ ’ਚ ਦੌੜਨਗੀਆਂ 15 ਨਵੀਆਂ ਜੂਲੋ ਗੱਡੀਆਂ ਜਲੰਧਰ ’ਚ ਟ੍ਰੈਫਿਕ ਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਇਕ ਅਪ੍ਰੈਲ ਤੋਂ ਨਵੀਆਂ ਜੂਲੋ ਗੱਡੀਆਂ ਸੜਕਾਂ ’ਤੇ ਉਤਾਰੀ ਜਾਣਗੀਆਂ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਨਾਲ ਟ੍ਰੈਫਿਕ ਕੰਟਰੋਲ ਤੇ ਅਪਰਾਧ ’ਤੇ ਨਿਗਰਾਨੀ ਵਿੱਚ ਮਦਦ ਮਿਲੇਗੀ। ਹਾਲ ਹੀ ’ਚ ਪੁਲਿਸ ਵਿਭਾਗ ਨੂੰ 15 ਨਵੀਆਂ ਗੱਡੀਆਂ ਮਿਲੀਆਂ ਹਨ ਤੇ ਜਲਦੀ ਹੀ 300 ਨਵੇਂ ਪੁਲਿਸ ਕਰਮਚਾਰੀਆਂ ਦੀ ਭਰਤੀ ਵੀ ਹੋਵੇਗੀ, ਜਿਸ ਨਾਲ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਣਗੇ।