ਐਕਟਿਵਾ ਚੋਰੀ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੂੰ ਰੰਗੇ ਹੱਥੀਂ ਫੜਿਆ
120 ਫੁੱਟੀ ਰੋਡ 'ਤੇ ਚੋਰੀ ਦੀ ਘਟਨਾ ਟਲੀ
Publish Date: Sun, 11 Jan 2026 06:46 PM (IST)
Updated Date: Mon, 12 Jan 2026 04:13 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਸ਼ਹਿਰ ਦੇ 120 ਫੁੱਟੀ ਰੋਡ ਇਲਾਕੇ ’ਚ ਰਾਧਾ ਸਵਾਮੀ ਸਤਿਸੰਗ ਘਰ ਨੇੜੇ ਇਕ ਗਲੀ ’ਚ ਚੋਰੀ ਦੀ ਨਾਕਾਮ ਕੋਸ਼ਿਸ਼ ਦੀ ਖ਼ਬਰ ਮਿਲੀ ਹੈ। ਦੇਰ ਸ਼ਾਮ ਇਕ ਨੌਜਵਾਨ ਨੇ ਘਰ ਦੇ ਬਾਹਰ ਖੜ੍ਹੀ ਇਕ ਐਕਟਿਵਾ ਨੂੰ ਨਿਸ਼ਾਨਾ ਬਣਾਇਆ ਤੇ ਉਸ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਸਮੇਂ ਸਿਰ ਚੌਕਸੀ ਨੇ ਘਟਨਾ ਨੂੰ ਟਾਲ ਦਿੱਤਾ। ਜਾਣਕਾਰੀ ਅਨੁਸਾਰ ਐਕਟਿਵਾ ਦਾ ਮਾਲਕ ਉਸ ਸਮੇਂ ਘਰ ਅੰਦਰ ਸੀ। ਉਸ ਨੇ ਇਕ ਸ਼ੱਕੀ ਨੌਜਵਾਨ ਨੂੰ ਐਕਟਿਵਾ ਨਾਲ ਛੇੜਛਾੜ ਕਰਦੇ ਦੇਖਿਆ। ਮਾਲਕ ਤੁਰੰਤ ਬਾਹਰ ਭੱਜਿਆ ਤੇ ਰੋਲਾਂ ਪਾਉਣ ਲੱਗਾ। ਰੋਲਾ ਸੁਣ ਕੇ ਲੋਕ ਮੌਕੇ ਤੇ ਇਕੱਠੇ ਹੋ ਗਏ। ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ। ਖ਼ੁਦ ਨੂੰ ਫਸਿਆ ਮਹਿਸੂਸ ਕਰਦਿਆਂ ਮੁਲਜ਼ਮ ਨੇ ਲੋਕਾਂ ਨੂੰ ਗੁਮਰਾਹ ਕਰਨ ਲਈ ਨੇਪਾਲੀ ’ਚ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਕੁਝ ਸਮੇਂ ਲਈ ਇਲਾਕੇ ’ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਸਟੇਸ਼ਨ-5 ਨੂੰ ਦਿੱਤੀ ਗਈ। ਸੂਚਨਾ ਮਿਲਣ ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਨੇ ਐਕਟਿਵਾ ਮਾਲਕ ਦੇ ਬਿਆਨ ਦਰਜ ਕੀਤੇ ਹਨ ਤੇ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਥਾਨਕ ਵਾਸੀ ਹੋਰ ਵੀ ਚੌਕਸ ਹੋ ਰਹੇ ਹਨ ਤੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕਰ ਰਹੇ ਹਨ।