ਬੈਟਰੀਆਂ ਤੇ ਇਲੈਕਟ੍ਰਾਨਿਕਸ ਦੀ ਦੁਕਾਨ ’ਚ ਚੋਰੀ
ਥਾਣਾ ਬਿਲਗਾ ਅਧੀਨ ਪਿੰਡ ਪ੍ਰਤਾਬਪੁਰਾ ਅੱਡਾ ’ਚ ਬੈਟਰੀਆਂ ਦੀ ਦੁਕਾਨ ’ਚ ਚੋਰੀ, ਲਗਭਗ ਡੇਢ ਲੱਖ ਦਾ ਨੁਕਸਾਨ
Publish Date: Sat, 07 Mar 2026 07:00 PM (IST)
Updated Date: Sat, 07 Mar 2026 07:03 PM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ਨੂਰਮਹਿਲ : ਥਾਣਾ ਬਿਲਗਾ ਅਧੀਨ ਆਉਂਦੇ ਪਿੰਡ ਪ੍ਰਤਾਬਪੁਰਾ ਅੱਡਾ ’ਚ ਬੀਤੀ ਰਾਤ ਚੋਰਾਂ ਵੱਲੋਂ ਇਕ ਬੈਟਰੀਆਂ ਤੇ ਇਲੈਕਟ੍ਰਾਨਿਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਦੁਕਾਨ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦਾਰਾਪੁਰ ਦੇ ਰਹਿਣ ਵਾਲੇ ਦੁਕਾਨਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਪ੍ਰਤਾਬਪੁਰਾ ਅੱਡਾ ’ਚ ਉਸ ਦੀ ਇਲੈਕਟ੍ਰਾਨਿਕਸ ਤੇ ਬੈਟਰੀਆਂ ਦੀ ਦੁਕਾਨ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ। ਸਵੇਰੇ ਕਰੀਬ 8 ਵਜੇ ਜਦ ਉਹ ਦੁਕਾਨ ’ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਸ਼ਟਰ ਚੁੱਕ ਕੇ ਅੰਦਰ ਦੇਖਿਆ ਤਾਂ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਕੀਮਤੀ ਸਾਮਾਨ ਜਿਵੇਂ ਕਿ ਬੈਟਰੀਆਂ, ਇਨਵਰਟਰ, ਤਾਂਬੇ ਦੀਆਂ ਤਾਰਾਂ ਤੇ ਮਹਿੰਗੇ ਵਿਦੇਸ਼ੀ ਟੂਲ ਚੋਰੀ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਇਸ ਚੋਰੀ ਨਾਲ ਲਗਪਗ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਬਿਲਗਾ, ਜ਼ਿਲ੍ਹਾ ਜਲੰਧਰ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੇ ਡਿਊਟੀ ਅਫ਼ਸਰ ਥਾਣੇਦਾਰ ਵਿਜੈ ਕੁਮਾਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਦੌਰਾਨ ਇਲਾਕੇ ਦੇ ਹੋਰ ਦੁਕਾਨਦਾਰਾਂ ਨੇ ਵੀ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਜੇ ਥਾਣਾ ਬਿਲਗਾ ਤੇ 112 ਦੀ ਪੁਲਿਸ ਟੀਮ ਵੱਲੋਂ ਰਾਤ ਸਮੇਂ ਗਸ਼ਤ ਵਧਾਈ ਜਾਂਦੀ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਕਿਹਾ ਕਿ ਇਲਾਕੇ ’ਚ ਦਿਨੋਂ ਦਿਨ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਜੇ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਨੂੰ ਇਨਸਾਫ ਲਈ ਸੜਕਾਂ ’ਤੇ ਉਤਰਨਾ ਪੈ ਸਕਦਾ ਹੈ। ਇਕੱਠੇ ਹੋਏ ਲੋਕਾਂ ਨੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਲਾਕੇ ਦੀ ਸੁਰੱਖਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ।