ਡਾਕਟਰ ਦੀ ਕੋਠੀ ’ਚ ਚੋਰੀ, ਚੋਰ ਤੇ ਖ਼ਰੀਦਦਾਰ ਕਾਬੂ
ਦਿਨ ਦਿਹਾੜੇ ਡਾਕਟਰ ਦੀ ਕੋਠੀ ’ਤੇ ਚੋਰੀ, ਚੋਰ ਤੇ ਖਰੀਦਦਾਰ ਫੜੇ ਗਏ
Publish Date: Tue, 03 Mar 2026 10:04 PM (IST)
Updated Date: Tue, 03 Mar 2026 10:05 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ / ਬਿਲਗਾ : ਦਿਨ ਦਿਹਾੜੇ ਚੋਰਾਂ ਨੇ ਡਾ. ਮੰਗਤ ਰਾਏ ਔਜਲਾ ਦੀ ਕੋਠੀ ’ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਠੀ ਦੇ ਆਲੇ-ਦੁਆਲੇ ਖੜ੍ਹੇ ਦੁਕਾਨਦਾਰਾਂ ਨੇ ਮੌਕੇ ’ਤੇ ਚੋਰ ਤੇ ਸਾਮਾਨ ਖਰੀਦਣ ਵਾਲੇ ਪਰਵਾਸੀ ਮਜ਼ਦੂਰ ਨੂੰ ਫੜਵਾ ਕੇ ਨੂਰਮਹਿਲ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਡਾ. ਔਜਲਾ, ਵਾਸੀ ਨੂਰਮਹਿਲ ਮਹੁੱਲਾ ਮਾਡਲ ਟਾਊਨ ਨੇ ਦੱਸਿਆ ਕਿ ਅੱਜ ਦੁਪਹਿਰ ਲਗਭਗ ਇਕ ਵਜੇ ਚੋਰਾਂ ਨੇ ਉਨ੍ਹਾਂ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ। ਚੋਰ ਗੇਟ ਦਾ ਤਾਲਾ ਤੋੜ ਕੇ ਅੰਦਰ ਵੜਿਆ ਤੇ ਅਲਮਾਰੀਆਂ ਦੇ ਤਾਲੇ ਖੋਲ੍ਹ ਕੇ ਬਾਥਰੂਮ ’ਚੋਂ ਸਾਰਾ ਸਾਮਾਨ ਇਕ ਥੈਲੇ ’ਚ ਰੱਖਿਆ। ਚੋਰੀ ਕਰਨ ਵਾਲਾ ਪਰਵਾਸੀ ਮਜ਼ਦੂਰ, ਜੋ ਸਾਈਕਲ ’ਤੇ ਪਿੰਡਾਂ ’ਚ ਫੇਰੀ ਲਾਉਂਦਾ ਹੈ ਤੇ ਚੋਰੀ ਕੀਤਾ ਸਾਮਾਨ ਵੇਚਦਾ ਸੀ, ਨੂੰ ਕੋਠੀ ਦੇ ਆਲੇ-ਦੁਆਲੇ ਖੜ੍ਹੇ ਦੁਕਾਨਦਾਰਾਂ ਨੇ ਮੌਕੇ ’ਤੇ ਫੜ ਲਿਆ। ਚੋਰ ਤੇ ਸਾਮਾਨ ਖਰੀਦਣ ਵਾਲੇ ਦੋਵਾਂ ਨੂੰ ਨੂਰਮਹਿਲ ਪੁਲਿਸ ਵੱਲੋਂ ਹਵਾਲੇ ਕੀਤਾ ਗਿਆ। ਮੌਕੇ ’ਤੇ ਪੁੱਜੇ ਅਧਿਕਾਰੀ, ਏਐੱਸਆਈ ਅਮਨਦੀਪ ਸਿੰਘ ਘੁੰਮਣ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।