ਲੀਡ)---ਨਿਗਮ ਦੀਆਂ ਨਵੀਆਂ ਸੀਐੱਨਜੀ ਗੱਡੀਆਂ ਸੜਕ ’ਤੇ ਉਤਰੀਆਂ ਨਹੀਂ ਤੇ ਬੈਟਰੀਆਂ ਚੋਰੀ
ਨਗਰ ਨਿਗਮ ਦੀਆਂ ਨਵੀਆਂ ਸੀਐੱਨਜੀ ਗੱਡੀਆਂ ਸੜਕ ਤੇ ਉਤਰੀਆ ਨਹੀਂ ਤੇ ਬੈਟਰੀਆਂ ਹੋਈਆਂ ਚੋਰੀ
Publish Date: Tue, 03 Feb 2026 07:45 PM (IST)
Updated Date: Wed, 04 Feb 2026 04:11 AM (IST)
- ਮੇਅਰ ਨੇ ਦਿੱਤੀ ਐੱਫਆਈਆਰ ਦਰਜ ਕਰਾਉਣ ਦੀ ਹਦਾਇਤ
- ਨਗਰ ਨਿਗਮ ਕੈਂਸ ’ਚ ਖਾਲੀ ਥਾਂ ’ਤੇ ਖੜ੍ਹੀਆਂ ਹਨ ਗੱਡੀਆਂ ਪਰ ਡਰਾਈਵਰ ਨਹੀਂ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀਆਂ ਨਵੀਆਂ ਆਈਆਂ 17 ਸੀਐੱਨਜੀ ਗੱਡੀਆਂ/ਟੈਂਪੂ ਅਜੇ ਸੜਕ ’ਤੇ ਉਤਰੀਆਂ ਹੀ ਨਹੀਂ ਸਨ ਕਿ ਉਨ੍ਹਾਂ ਦੀਆਂ ਨਵੀਆਂ ਬੈਟਰੀਆਂ ਰਾਤੋਂ-ਰਾਤ ਚੋਰੀ ਹੋ ਗਈਆਂ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਮੇਅਰ ਵਿਨੀਤ ਧੀਰ ਨੇ ਸਬੰਧਤ ਅਧਿਕਾਰੀ ਨੂੰ ਬੈਟਰੀਆਂ ਚੋਰੀ ਹੋਣ ਦੀ ਐੱਫਆਈਆਰ ਦਰਜ ਕਰਾਉਣ ਦੀ ਹਦਾਇਤ ਕੀਤੀ ਹੈ। ਨਗਰ ਨਿਗਮ ’ਚ ਇਸ ਤਰ੍ਹਾਂ ਦੀ ਚੋਰੀ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਤੇ ਅੱਜ ਤੱਕ ਜਿੰਨੀਆਂ ਵੀ ਚੋਰੀਆਂ ਹੋਈਆਂ ਹਨ, ਕਿਸੇ ਵੀ ਚੋਰੀ ਦੀ ਐੱਫਆਈਆਰ ਦਰਜ ਨਹੀਂ ਕਰਾਈ ਗਈ। ਨਗਰ ਨਿਗਮ ਦੇ ਸੀਐੱਨਜੀ ਦੇ ਜਿਹੜੇ ਨਵੀਆਂ 17 ਗੱਡੀਆਂ ਆਈਆਂ ਸਨ, ਉਹ ਸੜਕ ਤੇ ਉਤਾਰਨ ਲਈ ਸਾਰੇ ਦਸਤਾਵੇਜ਼ ਪੂਰੇ ਕੀਤੇ ਗਏ ਸਨ ਤੇ ਸੜਕ ’ਤੇ ਉਤਾਰਨ ਦੀ ਤਿਆਰੀ ਸੀ, ਪਰ ਇਸ ਤੋਂ ਪਹਿਲਾਂ ਹੀ ਸਾਰੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ।
-------------------------
ਚੌਕੀਦਾਰ ਤੋਂ ਹੋਵੇਗੀ ਪੁਛਗਿਛ
ਨਗਰ ਨਿਗਮ ਦੀਆਂ ਨਵੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਕਿਸ ਤਰ੍ਹਾਂ ਹੋਈਆਂ, ਦੀ ਜਾਂਚ ਅਧਿਕਾਰੀਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਰਾਤ ਨੂੰ ਜਿਹੜਾ ਚੌਕੀਦਾਰ ਡਿਊਟੀ ਤੇ ਹੁੰਦਾ ਹੈ, ਉਸ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ। ਉਕਤ ਗੱਡੀਆਂ ਸੰਬਧੀ ਓਐਂਡਐੱਮ ਦੇ ਐੱਸਈ ਜਸਪਾਲ ਸਿੰਘ ਅਨੁਸਾਰ ਬੈਟਰੀਆਂ ਦੀ ਚੌਰੀ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕਰਾਈ ਜਾ ਰਹੀ ਹੈ।
-------------------------
ਡਰਾਈਵਰ ਨਹੀਂ ਹਨ
ਨਗਰ ਨਿਗਮ ਦੇ ਪਾਸ ਗੱਡੀਆਂ ਚਲਾਉਣ ਲਈ ਡਰਾਈਵਰ ਨਹੀਂ ਹਨ ਤੇ ਹੁਣ ਤਕ ਨਿਗਮ ਦੀਆਂ ਗੱਡੀਆਂ ਸਫਾਈ ਸੇਵਕ ਜਾਂ ਹੋਰ ਕਰਮਚਾਰੀ ਚਲਾ ਰਹੇ ਹਨ। ਨਗਰ ਨਿਗਮ ਯੂਨੀਅਨ ਸਫਾਈ ਸੇਵਕਾਂ ਨੂੰ ਡਰਾਈਵਰ ਦਾ ਦਰਜਾ ਦੇਣ ਲਈ ਪਿਛਲੇ ਕਾਫੀ ਸਮੇ ਤੋਂ ਮੰਗ ਕਰਦੀ ਆ ਰਹੀ ਹੈ। ਨਗਰ ਨਿਗਮ ਦੇ ਜਿਹੜੇ ਡਰਾਈਵਰ ਸੇਵਾ ਮੁਕਤ ਹੋ ਚੁੱਕੇ ਹਨ ਜਾਂ ਜਿਨ੍ਹਾ ਦੀ ਨੌਕਰੀ ਦੌਰਾਨ ਮੌਤ ਹੋ ਚੁੱਕੀ ਹੈ, ਉਨ੍ਹਾਂ ਦੀ ਘਾਟ ਬਰਾਬਰ ਬਣੀ ਹੋਣ ਕਾਰਨ ਹੀ ਸਫਾਈ ਸੇਵਕ ਨਿਗਮ ਦੀਆਂ ਗੱਡੀਆਂ ਚਲਾ ਰਹੇ ਹਨ। ਡਰਾਈਵਰ ਨਾ ਹੋਣ ਕਾਰਨ ਹੀ ਉਕਤ ਗੱਡੀਆਂ ਨਗਰ ਨਿਗਮ ਕੈਂਪਸ ’ਚ ਖੜੀਆਂ ਰਹੀਆਂ ਜਿਨ੍ਹਾਂ ਦਾ ਫਾਇਦਾ ਚੋਰਾਂ ਨੇ ਉਠਾਇਆ।