ਸਵੇਰੇ ਤੋਂ ਮੌਸਮ ਰਿਹਾ ਸਾਫ, ਤੇਜ਼ ਧੁੱਪ ਖਿੜੀ, ਤਾਪਮਾਨ ’ਚ ਹੋਵੇਗੀ ਵਾਧਾ
ਸਵੇਰੇ ਤੋਂ ਮੌਸਮ ਰਿਹਾ ਸਾਫ, ਤੇਜ਼ ਧੁੱਪ ਖਿੜੀ, ਤਾਪਮਾਨ ’ਚ ਹੋਵੇਗੀ ਵਾਧਾ
Publish Date: Wed, 25 Mar 2026 10:46 PM (IST)
Updated Date: Wed, 25 Mar 2026 10:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੁੱਧਵਾਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ ਰਿਹਾ ਤੇ ਦਿਨ ਭਰ ਹਵਾ ਵੀ ਚੱਲਦੀ ਰਹੀ, ਜਿਸ ਕਰਕੇ ਤੇਜ਼ ਧੁੱਪ ਹੋਣ ਦੇ ਬਾਵਜੂਦ ਵੀ ਜ਼ਿਆਦਾ ਗਰਮੀ ਦਾ ਅਹਿਸਾਸ ਨਹੀਂ ਹੋਇਆ। ਉੱਥੇ ਹੀ ਸਵੇਰੇ ਤੇ ਸ਼ਾਮ ਦੇ ਸਮੇਂ ਹਲਕੀ ਠੰਢਕ ਹਾਲੇ ਵੀ ਮਹਿਸੂਸ ਹੋ ਰਹੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 28.3 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 13.9 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਦਕਿ ਇਕ ਦਿਨ ਪਹਿਲਾਂ ਵੱਧ ਤੋਂ ਵੱਧ ਤਾਪਮਾਨ 19 ਤੇ ਘੱਟੋ ਘੱਟ ਤਾਪਮਾਨ 16 ਡਿਗਰੀ ਦਰਜ ਕੀਤਾ ਗਿਆ ਸੀ। ਇਸ ਅਨੁਸਾਰ ਦੇਖਿਆ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ ’ਚ 9.3 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜਦਕਿ ਘੱਟੋ ਘੱਟ ਤਾਪਮਾਨ ’ਚ 2.1 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੌਸਮ ਵਿਭਾਗ ਦੇ ਅੰਦਾਜ਼ੇ ਅਨੁਸਾਰ 29 ਮਾਰਚ ਤੋਂ ਮੌਸਮ ’ਚ ਤਬਦੀਲੀ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਦੌਰਾਨ ਤੇਜ਼ ਹਵਾਵਾਂ ਨਾਲ ਥੰਡਰ ਸ਼ਾਵਰ ਤੇ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਦੇ ਤਿੰਨ ਦਿਨਾਂ ਤੱਕ ਵੀ ਇਸੇ ਤਰ੍ਹਾਂ ਰਲਿਆ-ਮਿਲਿਆ ਮੌਸਮ ਰਹਿਣ ਦੀ ਸੰਭਾਵਨਾ ਹੈ। ਜੇ ਮੌਸਮ ਵਿਭਾਗ ਦਾ ਇਹ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ ਤਾਂ ਤਾਪਮਾਨ ’ਚ ਮੁੜ 4 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਕਮੀ ਵੇਖਣ ਨੂੰ ਮਿਲ ਸਕਦੀ ਹੈ।