- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਫ਼ਤਰਾਂ ਦੇ ਗੇੜੇ ਮਾਰ ਕੇ ਥੱਕਿਆ ਪੀੜਤ ਕਿਸਾਨ, ਅਜੇ ਤੱਕ ਨਹੀਂ ਹੋਈ ਕਾਰਵਾਈ

* ਪੀੜਤ ਕਿਸਾਨ ਨੇ ਸੀਐੱਮ ਮਾਨ ਤੇ ਸਬੰਧਤ ਵਿਭਾਗਾਂ ਤੋਂ ਨਿਰਪੱਖ ਜਾਂਚ ਦੀ ਕੀਤੀ ਮੰਗ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ
ਫ਼ਿਲੌਰ : ਪਿੰਡ ਢੰਡਵਾੜ ਦਾ ਵਸਨੀਕ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਆਪਣੀ ਲਗਾਤਾਰ ਖੁਰ ਰਹੀ ਜ਼ਮੀਨ ਬਚਾਉਣ ਲਈ ਸਬੰਧਤ ਵਿਭਾਗ ਦੇ ਗੇੜੇ ਮਾਰ ਰਿਹਾ ਹੈ ਪਰ ਹਾਲੇ ਤੱਕ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਕਿਸਾਨ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਪਿੰਡ ਦੀ ਪੰਚਾਇਤ ਭੰਗ ਸੀ ਤਾਂ ਉਸ ਸਮੇਂ ਪਿੰਡ ਦੇ ਨੰਬਰਦਾਰ ਗੁਰਨੇਕ ਸਿੰਘ, ਰੇਸ਼ਮ ਲਾਲ ਪੁੱਤਰ ਦਰਸਨ ਰਾਮ, ਜਾਗੀਰ ਸਿੰਘ ਪੁੱਤਰ ਬੂਝਾ ਸਿੰਘ ਤੇ ਹਰਵਿੰਦਰ ਸਿੰਘ ਵੱਲੋਂ ਉਸਦੇ ਖੇਤ ਨਾਲ ਲੱਗਦੀ ਪੰਚਾਇਤੀ ਜ਼ਮੀਨ ’ਚ ਤਿੰਨ ਫੁੱਟ ਛੱਡ ਕੇ ਡੂੰਘਾ ਟੋਇਆ ਪੱਟਿਆ ਗਿਆ। ਇਸ ਟੋਏ ਕਾਰਨ ਉਸ ਦਾ ਖੇਤ ਧੱਸ ਰਿਹਾ ਹੈ ਤੇ ਉਸ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਨਵੀਂ ਚੁਣੀ ਗਈ ਪੰਚਾਇਤ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਉਪਰੰਤ ਪੰਚਾਇਤ ਵੱਲੋਂ ਸਬੰਧਤ ਪੱਖਾਂ ਨੂੰ ਬੁਲਾਇਆ ਗਿਆ ਪਰ ਕੋਈ ਨਤੀਜਾ ਨਹੀਂ ਨਿਕਲਿਆ। ਬਾਅਦ ’ਚ ਉਸ ਨੇ ਏਡੀਸੀ (ਡੀ) ਦਫ਼ਤਰ ਵਿਖੇ ਸ਼ਿਕਾਇਤ ਦਰਜ ਕਰਵਾਈ, ਜਿਥੋਂ 16 ਜੁਲਾਈ 2025 ਨੂੰ ਮਾਮਲਾ ਬੀਡੀਪੀਓ ਫ਼ਿਲੌਰ ਨੂੰ ਮਾਰਕ ਕੀਤਾ ਗਿਆ ਪਰ ਅੱਜ ਤੱਕ ਵੀ ਸਬੰਧਤ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਕਿਸਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ।
ਲਾਏ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ : ਹਰਵਿੰਦਰ ਸਿੰਘ
ਦੂਜੇ ਪਾਸੇ ਜਦੋਂ ਇਸ ਸਬੰਧੀ ਹਰਵਿੰਦਰ ਸਿੰਘ, ਨੰਬਰਦਾਰ ਗੁਰਨੇਕ ਸਿੰਘ, ਰੇਸ਼ਮ ਲਾਲ ਤੇ ਜਾਗੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਛੱਪੜ ਦਾ ਪਾਣੀ ਓਵਰਫ਼ਲੋ ਹੋ ਕੇ ਸੜਕ ’ਤੇ ਆ ਜਾਂਦਾ ਸੀ, ਜਿਸ ਕਾਰਨ ਪਿੰਡ ਦੇ ਕੁਝ ਲੋਕਾਂ ਨੇ ਸਮੱਸਿਆ ਉਠਾਈ। ਇਸ ਤੋਂ ਬਾਅਦ ਹਰਵਿੰਦਰ ਸਿੰਘ ਵੱਲੋਂ ਆਪਣੇ ਖੇਤ ’ਚ ਟੋਇਆ ਪੁਟਵਾ ਕੇ ਪਾਣੀ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਜਿੱਥੇ ਇਤਰਾਜ਼ ਆਇਆ ਹੈ, ਉੱਥੇ ਟੋਇਆ ਜਲਦੀ ਪੂਰ ਦਿੱਤਾ ਜਾਵੇਗਾ।
ਜਾਂਚ ਉਪਰੰਤ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ : ਪੰਚਾਇਤ ਸਕੱਤਰ
ਇਸ ਮਾਮਲੇ ਬਾਰੇ ਪੰਚਾਇਤ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਸਬੰਧਤ ਧਿਰਾਂ ਵੱਲੋਂ ਸਰਕਾਰੀ ਛੱਪੜ ਵਾਲੀ ਜ਼ਮੀਨ ਦੇ ਤਬਾਦਲੇ ਸਬੰਧੀ ਦਰਖ਼ਾਸਤ ਦਿੱਤੀ ਗਈ ਸੀ ਪਰ ਵਿਭਾਗ ਦੀਆਂ ਗਾਈਡਲਾਈਨਾਂ ਪੂਰੀਆਂ ਕੀਤੇ ਬਿਨਾਂ ਹੀ ਛੱਪੜ ਵਾਲੀ ਜਗ੍ਹਾ ਪੂਰੀ ਕਰ ਕੇ ਕਬਜ਼ਾ ਕੀਤਾ ਗਿਆ। ਖੇਤ ’ਚ ਬਿਨਾਂ ਮਨਜ਼ੂਰੀ ਮਿੱਟੀ ਪਟਾਈ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।