ਸੱਚ ਨੂੰ ਕਦੇ ਲੁਕਾਇਆ ਨਹੀਂ ਜਾ ਸਕਦਾ : ਟੀਨੂੰ
ਚੇਅਰਮੈਨ ਟੀਨੂੰ ਦੀ ਅਗਵਾਈ
Publish Date: Fri, 20 Mar 2026 08:43 PM (IST)
Updated Date: Fri, 20 Mar 2026 08:46 PM (IST)
ਚੇਅਰਮੈਨ ਟੀਨੂੰ ਦੀ ਅਗਵਾਈ ’ਚ ਅਲਾਵਲਪੁਰ ’ਚ ਰਾਠੀ ਦੀ ਦਸਤਾਵੇਜ਼ ਫਿਲਮ ਦਿਖਾਈ
ਕਿਹਾ, ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਰਚੀ ਸਾਜਿਸ਼ ਬੇਨਕਾਬ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ ਅੱਜ ਲੋਕਾਂ ਨੂੰ ਅਲਾਵਲਪੁਰ ਵਿਖੇ ਯੂਟਿਊਬਰ ਧਰੁਵ ਰਾਠੀ ਵੱਲੋਂ ਦਿੱਲੀ ਦੇ ਫਰ਼ਜੀ ਸ਼ਰਾਬ ਘੁਟਾਲੇ ਬਾਬਤ ਬਣਾਈ ਗਈ ਦਸਤਾਵੇਜ਼ੀ ‘ਇੰਡੀਆਜ਼ ਬਿਗਸਟ ਕਾਨਸਪਰੈਂਸੀ, ਰਿਆਲਟੀ ਆਫ਼ ਦਿੱਲੀ ਲੀਕਰ ਸਕੈਮ’ ਦਿਖਾਈ। ਇਸ ਦੌਰਾਨ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਇਸ ਫਿਲਮ ਰਾਹੀਂ ਭਾਰਤੀ ਜਨਤਾ ਪਾਰਟੀ ਦੀ ਅਰਵਿੰਦ ਕੇਜਰੀਵਾਲ ਤੇ ਹੋਰ ਸੀਨੀਅਰ ‘ਆਪ’ ਆਗੂਆਂ ਨੂੰ ਬਦਨਾਮ ਕਰਨ ਲਈ ਘੜੀ ਗਈ ਕੋਝੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ੀ ਫਿਲਮ ਜ਼ਰੀਏ ਭਾਜਪਾ ਦੇ ਝੂਠ ਦੀ ਪੋਲ ਖੁੱਲ੍ਹ ਗਈ ਹੈ।
ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਵੀ ਲੁਕਾ ਕੇ ਨਹੀਂ ਰੱਖਿਆ ਜਾ ਸਕਦਾ ਤੇ ਇਸ ਫਿਲਮ ਨੂੰ ਹਰੇਕ ਪਿੰਡ ’ਚ ਦਿਖਾਇਆ ਜਾਵੇਗਾ ਅਤੇ ਸੱਚ ਦੇ ਰੂ-ਬਰੂ ਕਰਵਾਇਆ ਜਾਵੇਗਾ। ਇਸ ਦਸਤਾਵੇਜ਼ੀ ਫਿਲਮ ਰਾਹੀਂ ਇਕ ਮੁੱਖ ਮੰਤਰੀ ਨੂੰ ਜਿਹੜਾ ਘੁਟਾਲਾ ਹੋਇਆ ਹੀ ਨਹੀਂ, ਉਸ ਫਰਜ਼ੀ ਘੁਟਾਲੇ ਦੇ ਦੋਸ਼ ’ਚ ਜੇਲ੍ਹ ’ਚ ਭੇਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਭਾਵੇਂ ਕੇਂਦਰ ਸਰਕਾਰ ਨੇ ਇਸ ਝੂਠ ਨੂੰ ਫੈਲਾਉਣ ਲਈ ਕੋਈ ਕਸਰ ਨਹੀਂ ਛੱਡੀ ਪਰ ਅਖੀਰ ਵਿੱਚ ਸੱਚ ਦੀ ਜਿੱਤ ਹੋਈ ਹੈ ਤੇ ਦਿੱਲੀ ਦੀ ਅਦਾਲਤ ਨੇ ਇਸ ਕੇਸ ਨੂੰ ਬੇਬੁਨਿਆਦ ਦੱਸਦਿਆਂ ਅਰਵਿੰਦ ਕੇਜਰੀਵਾਲ ਸਮੇਤ ਹੋਰ ਆਗੂਆਂ ਨੂੰ ਬਰੀ ਕਰ ਦਿੱਤਾ।