ਜੀਵਨ ’ਚ ਸ਼ੁਭ ਗੁਣਾਂ ਨੂੰ ਕਮਾਉਣਾ ਹੀ ਅਸਲੀ ਧਰਮ ਹੁੰਦਾ
ਜੀਵਨ ’ਚ ਸ਼ੁਭ ਗੁਣਾਂ ਨੂੰ ਕਮਾਉਣਾ ਹੀ ਅਸਲੀ ਧਰਮ ਹੁੰਦਾ
Publish Date: Sun, 12 Apr 2026 10:06 PM (IST)
Updated Date: Sun, 12 Apr 2026 10:10 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲਾਈ ਗਈ ਹਫ਼ਤਾਵਾਰੀ ਗੁਰਮਤਿ ਕਲਾਸ ’ਚ ਗੁਰਵਿੰਦਰ ਸਿੰਘ ਵੱਲੋਂ ਮੂਲਮੰਤਰ ਦਾ ਜਾਪ ਕਰ ਕੇ ਆਰੰਭਤਾ ਕੀਤੀ ਗਈ। ਸਿੱਖ ਮਿਸ਼ਨਰੀ ਕਾਲਜ ਸਰਕਲ ਦੀਆਂ ਲੜਕੀਆਂ ਦੇ ਕਵੀਸ਼ਰੀ ਜਥੇ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਸਬੰਧ ’ਚ ਕਵੀਸ਼ਰੀ ਰਾਹੀਂ ਹਾਜ਼ਰੀ ਲਗਵਾਈ। ਕੁਲਵਿੰਦਰ ਸਿੰਘ ਨੇ ਸਿੱਖ ਧਰਮ ’ਚ ਸਿੱਖ ਦੀ ਰਹਿਣੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਜੀਵਨ ’ਚ ਸ਼ੁੱਭ ਗੁਣਾਂ ਨੂੰ ਕਮਾਉਣਾ ਹੀ ਅਸਲੀ ਧਰਮ ਹੈ। ਗੁਰੂ ਦੁਆਰਾ ਦੱਸੀ ਗਈ ਰਹਿਤ ਮਰਿਆਦਾ ’ਤੇ ਚਲਦਿਆਂ ਆਪਣੇ ਜੀਵਨ ਨੂੰ ਉੱਚਾ ਚੁੱਕਣਾ ਪਵੇਗਾ ਤੇ ਮਨ ਨੂੰ ਆਪਣੇ ਗੁਰੂ ਨਾਲ ਜੋੜਨਾ ਪਵੇਗਾ। ਇਤਿਹਾਸਕਾਰ ਰਛਪਾਲ ਸਿੰਘ ਨੇ ਭਾਈ ਜੈ ਸਿੰਘ ਖਲਕਟ ਦੇ ਜੀਵਨ ਇਤਿਹਾਸ ਬਾਰੇ ਸਾਂਝ ਪਾਈ। ਪ੍ਰਿੰਸੀਪਲ ਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਖਾਲਸਾ ਦਿਵਸ ਨੂੰ ਮਨਾਉਂਦਿਆਂ ਆਪਣੇ ਮਨਾ ਅੰਦਰ ਝਾਤ ਮਾਰ ਕੇ ਆਪਣਾ ਸਵੈ ਵਿਸ਼ਲੇਸ਼ਣ ਕਰਦਿਆਂ ਹੋਇਆਂ ਦੇਖਣਾ ਚਾਹੀਦਾ ਹੈ ਕਿ ਗੁਰੂ ਦੇ ਸਿਧਾਂਤ ਨੂੰ ਕੀ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੈ ਜਾ ਨਹੀਂ। ਮਾਰਚ ’ਚ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਕਰਨਗੇ ਸ਼ਮੂਲੀਅਤ ਸਿੱਖ ਮਿਸ਼ਨਰੀ ਕਾਲਜ ਸਰਕਲ ਦੇ ਸਰਕਲ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਮੌਕੇ ਜਲੰਧਰ ਸ਼ਹਿਰ ਵਿਚ ਵੱਖ-ਵੱਖ ਧਾਰਮਿਕ ਜੱਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਖਾਲਸਾ ਮਾਰਚ ’ਚ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਸੰਗਤਾਂ ਨੂੰ ਵਿਸਾਖੀ ਸਬੰਧੀ ਲਿਟਰੇਚਰ ਮੁਫ਼ਤ ਵੰਡਿਆ ਜਾਵੇਗਾ ਤੇ ਕਾਲਜ ਵੱਲੋਂ ਕੀਤੇ ਜਾ ਰਹੇ ਨਿਸ਼ਕਾਮ ਸਮਾਜ ਸੇਵੀ ਕਾਰਜਾਂ ਬਾਰੇ ਜਾਣੂ ਕਰਵਾਇਆ ਜਾਵੇਗਾ।