ਦੁਕਾਨ ਦੇ ਬਾਹਰੋਂ ਸਕੂਟਰ ਚੋਰੀ
ਮੋਬਾਈਲ ਫੋਨ, ਨਕਦੀ ਤੇ ਸਾਮਾਨ ਸਮੇਤ ਔਰਤ ਦੀ ਐਕਟਿਵਾ ਚੋਰੀ
Publish Date: Fri, 30 Jan 2026 09:19 PM (IST)
Updated Date: Fri, 30 Jan 2026 09:22 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਦੋ ਦੀ ਹੱਦ ਵਿੱਚ ਪੈਂਦੇ ਇਲਾਕੇ ਵਿਚ ਦਿਨ-ਦਿਹਾੜੇ ਇੱਕ ਔਰਤ ਦਾ ਐਕਟਿਵਾ ਚੋਰੀ ਹੋ ਗਿਆ। ਪੀੜਤਾ ਨੇ ਅਣਪਛਾਤੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਵਾਸੀ ਗੁਰੂ ਰਵਿਦਾਸ ਨਗਰ ਐਨਕਲੇਵ, ਸ਼ੇਰ ਸਿੰਘ ਕਲੋਨੀ, ਬਸਤੀ ਦਾਨਿਸ਼ਮੰਦਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 24 ਜਨਵਰੀ ਨੂੰ ਉਹ ਸਲੇਟੀ ਰੰਗ ਦੇ ਸਕੂਟਰ ਨੰਬਰ ਪੀ ਬੀ-08 ਐੱਫਐੱਲ-9713 ਤੇ ਘਰੇਲੂ ਸਮਾਨ ਖਰੀਦਣ ਗਈ ਸੀ। ਸ਼ਾਮ 4:30 ਵਜੇ ਦੇ ਕਰੀਬ ਜੈਨ ਹਸਪਤਾਲ ਦੇ ਸਾਹਮਣੇ ਇਕ ਭਾਂਡਿਆਂ ਦੀ ਦੁਕਾਨ ਤੇ ਪਹੁੰਚੀ। ਸਕੂਟਰ ਦੁਕਾਨ ਦੇ ਬਾਹਰ ਖੜ੍ਹਾ ਕੀਤਾ ਪਰ ਕਾਹਲੀ ਵਿਚ ਚਾਬੀਆਂ ਵਿਚ ਹੀ ਛੱਡ ਦਿੱਤੀਆਂ। ਉਹ ਝਾੜੂ ਖਰੀਦਣ ਲਈ ਅੰਦਰ ਗਈ ਅਤੇ ਜਦੋਂ 10 ਮਿੰਟ ਬਾਅਦ ਬਾਹਰ ਆਈ ਤਾਂ ਸਕੂਟਰ ਗਾਇਬ ਸੀ। ਉਸ ਨੇ ਸਕਟੂਰ ਦੀ ਬਹੁਤ ਭਾਲ ਕੀਤੀ ਪਰ ਨਹੀਂ ਮਿਲਿਆ। ਉਸ ਦਾ ਪਰਸ ਸਕੂਟਰ ਦੀ ਡਿਕੀ ਵਿੱਚ ਸੀ, ਜਿਸ ’ਚ ਮੋਬਾਈਲ ਫੋਨ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪੰਜਾਬ ਨੈਸ਼ਨਲ ਬੈਂਕ ਦਾ ਏਟੀਐੱਮ ਕਾਰਡ, ਆਰਸੀ, ਬੀਮਾ ਦਸਤਾਵੇਜ਼, ਅਲਮਾਰੀ ਦੀਆਂ ਚਾਬੀਆਂ ਤੇ ਲਗਭਗ 1,080 ਰੁਪਏ ਨਕਦ ਸਨ। ਉਸਨੇ 27 ਜਨਵਰੀ ਨੂੰ ਡਵੀਜ਼ਨ ਨੰਬਰ 2 ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੀਆਰਪੀਸੀ ਦੀ ਧਾਰਾ 303(2) ਤਹਿਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 2 ਦੇ ਏਐੱਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਐੱਫਆਈਆਰ ਦਰਜ ਕਰ ਲਈ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।