ਲੋੜਵੰਦ ਪਰਿਵਾਰ ਦੇ ਨਵੇਂ ਘਰ ਦੀ ਉਸਾਰੀ ਆਰੰਭੀ
ਸਿੱਖ ਸੇਵਕ ਸੋਸਾਇਟੀ ਨੇ ਲੋੜਵੰਦ ਪਰਿਵਾਰ ਦੇ ਨਵੇਂ ਘਰ ਦੀ ਉਸਾਰੀ ਆਰੰਭ ਕਰਵਾਈ
Publish Date: Fri, 09 Jan 2026 06:36 PM (IST)
Updated Date: Fri, 09 Jan 2026 06:39 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਵੱਲੋਂ ਮਿੱਠੂ ਬਸਤੀ ਇਲਾਕੇ ਵਿੱਚ ਰਹਿ ਰਹੇ ਇੱਕ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਕਿਰਤੀ ਸਿੱਖ ਪਰਿਵਾਰ ਦੀ ਵੱਡੀ ਮਦਦ ਕੀਤੀ ਹੈ। ਇਸ ਸਬੰਧੀ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਦੌਰਾਨ ਪਰਿਵਾਰ ਨੂੰ ਬੇਘਰ ਹੋਣ ਦੀ ਤ੍ਰਾਸਦੀ ਝੱਲਣੀ ਪੈ ਰਹੀ ਸੀ ਤੇ ਹੁਣ ਸੋਸਾਇਟੀ ਦੇ ਉਦਮ ਨਾਲ ਉਨ੍ਹਾਂ ਨੂੰ ਰਹਿਣ ਲਈ ਘਰ ਮਿਲ ਜਾਵੇਗਾ, ਜਿਸ ਦੀ ਉਸਾਰੀ ਆਰੰਭੀ ਗਈ ਹੈ। ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਿੱਖੀ ਵਿੱਚ ਸੇਵਾ ਸਭ ਤੋਂ ਵੱਡਾ ਧਰਮ ਹੈ ਤੇ ਕੋਈ ਵੀ ਸਿੱਖ ਪਰਿਵਾਰ ਬੇਘਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸੇਵਾ ਨੂੰ ਅੰਜਾਮ ਦੇਣ ਲਈ ਉਨ੍ਹਾਂ ਸਮੇਤ ਸਮੂਹ ਮੈਂਬਰਾਂ ਨੇ ਅਰਦਾਸ ਕਰ ਕੇ ਮਕਾਨ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਮੌਕੇ ਸਤਿੰਦਰ ਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸੋਸਾਇਟੀ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੈਂਬਰ ਤੇ ਜਨਰਲ ਸਕੱਤਰ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਆਰਟਿਸਟ ਸਾਹਿਬ ਸਿੰਘ, ਸੰਦੀਪ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ, ਹਰਦੇਵ ਸਿੰਘ ਗਰਚਾ, ਤਜਿੰਦਰ ਸਿੰਘ, ਕਮਲਜੀਤ ਸਿੰਘ ਸੇਵਕ ਆਦਿ ਵਲੰਟੀਅਰ ਹਾਜ਼ਰ ਸਨ।