ਸਿੱਖ ਤਾਲਮੇਲ ਕਮੇਟੀ ਵੱਲੋਂ ਵਿਧਾਇਕ ਆਤਿਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ
ਦਿੱਲੀ ਸਰਕਾਰ ’ਚ ਵਿਧਾਇਕ ਆਤਿਸ਼ੀ ’ਤੇ ਸਿੱਖ ਤਾਲਮੇਲ ਕਮੇਟੀ ਨੇ ਕੀਤੀ ਮੰਗ
Publish Date: Sat, 10 Jan 2026 06:37 PM (IST)
Updated Date: Sun, 11 Jan 2026 04:09 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਵਿਧਾਇਕ ਆਤਸ਼ੀ ਵੱਲੋਂ ਵਿਧਾਨ ਸਭਾ ’ਚ ਗੁਰੂ ਸਹਿਬਾਨ ਬਾਰੇ ਕੀਤੀ ਗਈ ਬਿਆਨਬਾਜ਼ੀ ਦੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਸਤਪਾਲ ਸਿੰਘ ਸਿਦੀਕੀ ਨੇ ਨਿੰਦਾ ਕਰਦਿਆਂ ਕਿਹਾ ਕਿ ਆਤਿਸ਼ੀ ਦੇ ਇਤਰਾਜ਼ਯੋਗ ਬਿਆਨ ਨਾਲ ਜਿੱਥੇ ਹਰ ਉਸ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚੀ ਹੈ ਜੋ ਗੁਰੂ ਸਾਹਿਬਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਮੇਂ ਨਤਮਸਤਕ ਹੁੰਦੇ ਹਨ। ਉੱਥੇ ਉਸ ਨੇ ਆਪਣੀ ਗੰਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਦੇਸ਼ ਦੀ ਸਭਿਅਤਾ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕੀਤੀ ਕਿ ਆਤਿਸ਼ੀ ਨੂੰ ਤੁਰੰਤ ਪਾਰਟੀ ਤੋਂ ਬਾਹਰ ਕੱਢ ਕੇ ਉਸ ਦਾ ਵਿਧਾਇਕ ਅਹੁਦਾ ਤੁਰੰਤ ਖਤਮ ਕੀਤੀ ਜਾਵੇ ਤੇ ਲੋਕਾਂ ਦੀ ਭਾਵਨਾ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਵੱਖ-ਵੱਖ ਅਕਾਲੀ ਦਲਾਂ ਦੇ ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਵੱਖ-ਵੱਖ ਸ਼ਹਿਰਾਂ ’ਚ ਇਸ ਖ਼ਿਲਾਫ਼ ਕੇਸ ਦਰਜ ਕਰਵਾਏ ਜਾਣ। ਇਸ ਮੌਕੇ ਹਰਵਿੰਦਰ ਸਿੰਘ ਚਿੱਟਕਾਰਾ, ਬਾਬਾ ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ ਸੋਨੂੰ, ਮਨਮਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ।