ਦਮੋਰੀਆ ਪੁਲ ਦੀ ਦੂਜੀ ਲੇਨ ਵੀ ਹੋਈ ਬੰਦ
ਦਮੋਰੀਆ ਪੁਲ ਦੀ ਦੂਜੀ ਲੇਨ ਵੀ ਹੋਈ ਬੰਦ, ਦੋ ਹਫ਼ਤਿਆਂ ਤੱਕ ਬੰਦ ਰਹੇਗਾ ਰਾਹ
Publish Date: Sat, 07 Mar 2026 10:15 PM (IST)
Updated Date: Sat, 07 Mar 2026 10:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਮੋਰੀਆ ਪੁਲ ਦੀਆਂ ਕੰਧਾਂ ਨੂੰ ਮਜ਼ਬੂਤ ਕਰਨ ਲਈ ਜਿੱਥੇ ਕੰਕਰੀਟ ਦੇ ਬੇਸ ਬਣਾਉਣ ਦਾ ਕੰਮ ਚੱਲ ਰਿਹਾ ਹੈ, ਉੱਥੇ ਹੀ ਕੰਮ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਹੁਣ ਦੋਵਾਂ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੰਮ ਬਿਨਾਂ ਰੁਕਾਵਟ ਦੇ ਜਾਰੀ ਰਹੇ। ਸ਼ਨਿਚਰਵਾਰ ਨੂੰ ਡਿਚ ਮਸ਼ੀਨ ਦੀ ਮਦਦ ਨਾਲ ਦੂਜੀ ਲੇਨ ਨੂੰ ਉਖਾੜਣ ਦਾ ਕੰਮ ਜਾਰੀ ਰਿਹਾ। ਹੁਣ ਇਹ ਰਾਹ ਲਗਪਗ ਦੋ ਹਫ਼ਤਿਆਂ ਤੱਕ ਬੰਦ ਰਹੇਗਾ। ਦਮੋਰੀਆ ਪੁਲ ਦੇ ਉੱਪਰ ਭਾਵੇਂ ਫਲਾਈਓਵਰ ਬਣਿਆ ਹੋਇਆ ਹੈ, ਜਿੱਥੋਂ ਵਾਹਨ ਚਾਲਕ ਆ-ਜਾ ਸਕਦੇ ਹਨ ਪਰ ਇਸ ਦੇ ਬਾਵਜੂਦ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਫਲਾਈਓਵਰ ਦੀ ਇਕ ਹੀ ਲੇਨ ’ਤੇ ਦੋਵਾਂ ਪਾਸਿਆਂ ਤੋਂ ਟ੍ਰੈਫਿਕ ਆ ਜਾਂਦਾ ਹੈ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸੇ ਕਰਕੇ ਜ਼ਿਆਦਾਤਰ ਵਾਹਨ ਚਾਲਕ ਫਲਾਈਓਵਰ ਦੀ ਬਜਾਏ ਹੇਠਾਂ ਵਾਲੇ ਰਸਤਿਓਂ ਹੀ ਲੰਘਣਾ ਪਸੰਦ ਕਰਦੇ ਸਨ ਪਰ ਹੁਣ ਦੋਵਾਂ ਲੇਨਾਂ ਦੇ ਬੰਦ ਹੋਣ ਕਾਰਨ ਵਾਹਨ ਚਾਲਕ ਫਲਾਈਓਵਰ ਰਾਹੀਂ ਹੀ ਜਾਣ ਲਈ ਮਜਬੂਰ ਹੋ ਗਏ ਹਨ, ਹਾਲਾਂਕਿ ਉਨ੍ਹਾਂ ’ਚ ਡਰ ਵੀ ਬਣਿਆ ਹੋਇਆ ਹੈ। ਸ਼ਨਿਚਰਵਾਰ ਹੋਣ ਕਰਕੇ ਫਲਾਈਓਵਰ ’ਤੇ ਭੀੜ ਤਾਂ ਦੇਖੀ ਗਈ ਪਰ ਆਮ ਦਿਨਾਂ ਦੇ ਮੁਕਾਬਲੇ ਕਾਫੀ ਘੱਟ ਰਹੀ।