ਅਕਾਲੀ ਤੇ ਭਾਜਪਾ ਆਗੂਆਂ ਦੀ ਬਿਆਨਬਾਜ਼ੀ ਬੇਤੁਕੀ : ਜਥੇਦਾਰ ਵਡਾਲਾ
ਅਕਾਲੀ ਤੇ ਭਾਜਪਾ ਆਗੂਆਂ ਦੀ ਬਿਆਨਬਾਜ਼ੀ ਬੇਤੁਕੀ ਤੇ ਆਧਾਰਹੀਣ : ਜਥੇਦਾਰ ਵਡਾਲਾ
Publish Date: Wed, 21 Jan 2026 06:29 PM (IST)
Updated Date: Wed, 21 Jan 2026 06:30 PM (IST)

-ਕਿਹਾ, ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਆਗੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਤੋਂ ਬਾਅਦ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਅਕਾਲੀ ਤੇ ਭਾਜਪਾ ਦੇ ਕੁਝ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬੇਤੁਕੀ, ਆਧਾਰਹੀਣ ਅਤੇ ਆਪਣੀਆਂ ਖਾਮੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਇੱਥੋਂ ਜਾਰੀ ਸਾਂਝੇ ਬਿਆਨ ਰਾਹੀਂ ਕੀਤਾ। ਉਕਤ ਆਗੂਆ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਪੰਥਕ ਰਾਹ ‘ਤੇ ਅੱਗੇ ਵਧਿਆ ਹੈ ਤਾਂ ਇਸ ਨਾਲ ਪੰਥ ਅਤੇ ਪੰਜਾਬ ਵਿੱਚ ਨਵੀਂ ਉਮੀਦ ਜਾਗੀ ਹੈ। ਇਸ ਪੰਥਕ ਜਜ਼ਬੇ ਨੂੰ ਵੇਖ ਕੇ ਹੀ ਕੁਝ ਬਾਦਲ ਧੜੇ ਤੇ ਭਾਜਪਾ ਦੇ ਆਗੂਆਂ ਵਿਚ ਬੁਖਲਾਹਟ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਸਰਨਾ, ਵਿਰਸਾ ਸਿੰਘ ਵਲਟੋਹਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਜਾ ਰਹੇ ਬਿਆਨ ਇਸ ਗੱਲ ਦਾ ਸਬੂਤ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤੀ ਨਾਲ ਅੱਗੇ ਵਧਣਾ ਬਰਦਾਸ਼ਤ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਕਰ ਕੇ ਖੜ੍ਹੇ ਹੋਏ ਹਨ, ਉਨ੍ਹਾਂ ਨੇ ਸਾਰੀ ਦੁਨੀਆ ’ਚ ਵੱਸਦੇ ਪੰਥ ਦਰਦੀਆਂ ਸਾਹਮਣੇ ਆਪਣਾ ਅਸਲ ਚਿਹਰਾ ਬੇਨਕਾਬ ਕਰ ਦਿੱਤਾ ਹੈ। ਜਥੇਦਾਰ ਵਡਾਲਾ ਨੇ ਦੋਸ਼ ਲਾਇਆ ਕਿ ਕੁਝ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਚੁਣੌਤੀ ਦੇ ਕੇ ਵੱਖਰੀ ਜਾਅਲੀ ਭਰਤੀ ਦਾ ਡਰਾਮਾ ਰਚਿਆ ਤੇ ਵੱਖਰਾ ਚੁੱਲ੍ਹਾ ਕਾਇਮ ਰੱਖਿਆ। ਜਿਹੜੇ ਆਗੂ ਅੱਜ ਪੰਥਕ ਏਕਤਾ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਸੀ ਕਿ 2 ਦਸੰਬਰ ਦੇ ਹੁਕਮਨਾਮਿਆਂ ਨੇ ਪੰਥਕ ਏਕਤਾ ਦਾ ਰਾਹ ਪਹਿਲਾਂ ਹੀ ਖੋਲ੍ਹ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਪਹਿਲਾਂ ਆਪਣੇ ਗੁਨਾਹ ਕਬੂਲ ਕਰਕੇ ਬਾਅਦ ਵਿਚ ਮੁੱਕਰ ਗਏ, ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਜਾ ਕੇ ਆਪਣੀ ਭੁੱਲ ਮੁੜ ਬਖ਼ਸ਼ਾਉਣੀ ਚਾਹੀਦੀ ਹੈ। ਸਾਰਾ ਸਿੱਖ ਜਗਤ ਪੰਥਕ ਏਕਤਾ ਚਾਹੁੰਦਾ ਹੈ ਪਰ ਇਹ ਏਕਤਾ ਸਿਧਾਂਤਾਂ ਤੇ ਪਰੰਪਰਾਵਾਂ ਦੀ ਰਾਖੀ ਨਾਲ ਹੀ ਸੰਭਵ ਹੈ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੀ ਵਿਦਵਾਨ ਤੇ ਬੇਦਾਗ ਸ਼ਖਸੀਅਤ ‘ਤੇ ਬੇਬੁਨਿਆਦ ਦੂਸ਼ਣ ਲਗਾਉਣਾ ਅਤਿ ਨਿੰਦਨਯੋਗ ਹੈ। ਉਨ੍ਹਾਂ ਭਾਜਪਾ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ 15 ਸਾਲਾਂ ਦੇ ਰਾਜ ਦੌਰਾਨ ਅਕਾਲੀਆਂ ਦੇ ਨਾਲ ਉਨ੍ਹਾਂ ਦੀ ਭਾਈਵਾਲੀ ਰਹੀ ਹੈ ਅਤੇ ਨਸ਼ਿਆਂ ਦੇ ਮਸਲੇ ’ਤੇ ਸਾਰੀ ਅਕਾਲੀ ਲੀਡਰਸ਼ਿਪ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ। ਭਾਜਪਾ ਆਗੂਆਂ ਵੱਲੋਂ ਇਹ ਕਹਿਣਾ ਕਿ ਅਕਾਲੀ ਦਲ ਦੀਆਂ ਮੀਟਿੰਗਾਂ ਵਿਚ ਭਾਜਪਾ ਨਾਲ ਸਮਝੌਤੇ ਬਾਰੇ ਗੱਲ ਹੋਈ ਹੈ, ਤੱਥਾਂ ਤੋਂ ਕੋਹਾਂ ਦੂਰ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ, ਜੋ ਪੰਥਕ ਹਿੱਤਾਂ ਦੀ ਰਾਖੀ ਲਈ ਸਥਾਪਤ ਹੋਈ ਸੀ। ਪਾਰਟੀ ਵਿਚ ਆਈ ਗਿਰਾਵਟ ਨੂੰ ਸੋਧਣ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕਰਦਿਆਂ 2 ਦਸੰਬਰ 2024 ਨੂੰ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਆਦੇਸ਼ ਜਾਰੀ ਹੋਏ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੇ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜੇਗਾ ਅਤੇ ਸਿਆਸਤ ਦੇ ਵਪਾਰੀਕਰਨ ਨੂੰ ਰੋਕਣ ਲਈ ਡੱਟ ਕੇ ਸੰਘਰਸ਼ ਕਰੇਗਾ। ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਪੂਰੀ ਤਾਕਤ ਨਾਲ ਪਹਿਰਾ ਦਿੱਤਾ ਜਾਵੇਗਾ।