ਕਰਮਚਾਰੀ ਹੁੰਦੇ ਨੇ ਕਿਸੇ ਵੀ ਸੰਸਥਾ ਦੀ ਅਸਲ ਤਾਕਤ : ਸੁਖਦੇਵ ਸਿੰਘ
ਕਿਸੇ ਵੀ ਸੰਸਥਾ ਦੀ ਅਸਲ ਤਾਕਤ ਉਸ ਦੇ ਕਰਮਚਾਰੀ ਹੁੰਦੇ ਹਨ-ਐੱਮਡੀ ਸੁਖਦੇਵ ਸਿੰਘ
Publish Date: Sat, 03 Jan 2026 07:34 PM (IST)
Updated Date: Sat, 03 Jan 2026 07:35 PM (IST)

-ਏਜੀਆਈ ਵੱਲੋਂ ਨਵੇਂ ਸਾਲ ਮੌਕੇ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਸਨਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਏਜੀਆਈ ਇਨਫਰਾ ਨੇ ਨਵੇਂ ਸਾਲ ਦੀ ਸ਼ੁਰੂਆਤ ਸਕਾਰਾਤਮਕ, ਪ੍ਰੇਰਨਾਦਾਇਕ ਅਤੇ ਅਰਥਪੂਰਨ ਸਮਾਗਮ ਨਾਲ ਕੀਤੀ। ਇਹ ਸਮਾਗਮ ਜਲੰਧਰ ਹਾਈਟਸ–2 ਸਥਿਤ ਕਲੱਬ ਦੇ ਬੈਂਕੁਐਟ ਹਾਲ ਵਿਚ ਕਰਵਾਇਆ ਗਿਆ, ਜਿਸ ’ਚ ਕੰਪਨੀ ਦੇ ਡਾਇਰੈਕਟਰ, ਉੱਚ ਅਧਿਕਾਰੀ, ਸਟਾਫ, ਮੁਲਾਜ਼ਮ ਅਤੇ ਮਜ਼ਦੂਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਸਮਾਗਮ ਦਾ ਮੁੱਖ ਮਕਸਦ ਕੰਪਨੀ ਨਾਲ ਜੁੜੇ ਹਰ ਵਿਅਕਤੀ ਦੀ ਮਿਹਨਤ, ਸਮਰਪਣ ਅਤੇ ਯੋਗਦਾਨ ਦੀ ਕਦਰ ਕਰਨੀ ਸੀ। ਕੰਪਨੀ ਦੀ ਡਾਇਰੈਕਟਰ ਸਿਮਰਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੇਂ ਸਾਲ ਦਾ ਪਹਿਲਾ ਦਿਨ ਟੀਚੇ ਤੈਅ ਕਰਨ ਅਤੇ ਟੀਮ ਦੇ ਹਰ ਮੈਂਬਰ ਦੀ ਮਿਹਨਤ ਨੂੰ ਮੰਨਤਾ ਦੇਣ ਲਈ ਸਭ ਤੋਂ ਚੰਗਾ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਕਰਮਚਾਰੀ, ਚਾਹੇ ਉਹ ਕਿਸੇ ਵੀ ਵਿਭਾਗ ਨਾਲ ਸਬੰਧਤ ਹੋਵੇ, ਕੰਪਨੀ ਦੀ ਸਫਲਤਾ ’ਚ ਬਰਾਬਰ ਦਾ ਭਾਈਵਾਲ ਹੈ। ਉਨ੍ਹਾਂ ਚੰਗਾ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਨਵੇਂ ਸਾਲ ਵਿੱਚ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਪਿਛਲੇ ਸਾਲ ਦੀ ਪ੍ਰਗਤੀ ਅਤੇ ਸਾਹਮਣਾ ਕੀਤੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਈ ਮੁਸ਼ਕਲਾਂ ਦੇ ਬਾਵਜੂਦ ਕੰਪਨੀ ਨੇ ਲਗਾਤਾਰ ਅੱਗੇ ਵਧ ਕੇ ਨਤੀਜੇ ਪ੍ਰਾਪਤ ਕੀਤੇ ਹਨ। ਉਨ੍ਹਾਂ ਨਵੇਂ ਸਾਲ ਲਈ ਕੰਪਨੀ ਦੀ ਦੂਰਦ੍ਰਿਸ਼ਟੀ, ਯੋਜਨਾਵਾਂ ਅਤੇ ਟੀਚਿਆਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਕੰਪਨੀ ਆਪਣੇ ਚੱਲ ਰਹੇ ਪ੍ਰੋਜੈਕਟ ਹੋਰ ਤੇਜ਼ੀ ਅਤੇ ਉੱਚ ਗੁਣਵੱਤਾ ਨਾਲ ਪੂਰੇ ਕਰੇਗੀ। ਏਜੀਆਈ ਇੰਫਰਾ ਦਾ ਮੰਨਣਾ ਹੈ ਕਿ ਕਿਸੇ ਵੀ ਸੰਸਥਾ ਦੀ ਅਸਲ ਤਾਕਤ ਉਸ ਦੇ ਕਰਮਚਾਰੀ ਹੁੰਦੇ ਹਨ ਅਤੇ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਤਰੱਕੀ ਸੰਭਵ ਨਹੀਂ। ਸੁਖਦੇਵ ਸਿੰਘ ਨੇ ਕੰਪਨੀ ਦੇ ਹਰੇਕ ਕਰਮਚਾਰੀ ਅਤੇ ਮਜ਼ਦੂਰ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੀਵੇਂ ਪੱਧਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ, ਹਰ ਕਿਸੇ ਦੀ ਮਿਹਨਤ ਨਾਲ ਹੀ ਕੰਪਨੀ ਮਜ਼ਬੂਤ ਬਣੀ ਹੈ। ਇਸ ਮੌਕੇ ਕਰਮਚਾਰੀਆਂ ਨੂੰ ਸਨਮਾਨ ਟ੍ਰਾਫੀਆਂ ਦਿੱਤੀਆਂ ਗਈਆਂ ਤੇ ਤਨਖਾਹ ਵਿੱਚ ਵਾਧੇ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਕੰਪਨੀ ਵਿੱਚ ਕੰਮ ਕਰ ਰਹੀਆਂ ਮਹਿਲਾ ਮੁਲਾਜ਼ਮਾਂ ਦੀ ਖ਼ਾਸ ਤੌਰ ’ਤੇ ਪ੍ਰਸ਼ੰਸਾ ਕੀਤੀ। ਇਸ ਸਮਾਗਮ ਦੌਰਾਨ ਕੰਪਨੀ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸਿੰਘ ਦੀ ਸੇਵਾ ਤੇ ਯੋਗਦਾਨ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਨਾਲ ਹੀ ਕੰਪਨੀ ਦੇ ਸਭ ਤੋਂ ਨੌਜਵਾਨ ਡਾਇਰੈਕਟਰ ਅਤੇ ਲੁਧਿਆਣਾ ਪ੍ਰੋਜੈਕਟ ਦੇ ਇੰਚਾਰਜ ਅਭਿਜੀਤ ਸਿੰਘ ਦੀ ਵੀ ਖ਼ਾਸ ਤਾਰੀਫ਼ ਕੀਤੀ ਗਈ।