ਸਿੱਧ ਸ਼ਕਤੀਪੀਠ ਤੋਂ ਨਿਕਲੀ ਸ਼ੋਭਾ ਯਾਤਰਾ, ਧਾਰਮਿਕ ਸੁਰ ਲਹਿਰੀਆਂ ’ਚ ਰਾਮਮਈ ਹੋਇਆ ਸ਼ਹਿਰ

-ਲਗਪਗ 13 ਕਿੱਲੋਮੀਟਰ ਦੇ ਦਾਇਰੇ ’ਚ 200 ਤੋਂ ਵੱਧ ਥਾਵਾਂ ’ਤੇ ਲੱਗੇ ਮੰਚ, ਦੇਵੀ-ਦੇਵਤਿਆਂ ਦੇ ਜੀਵਨ ’ਤੇ ਸਜੀਆਂ ਝਾਕੀਆਂ ਬਣੀਆਂ ਖਿੱਚ ਦਾ ਕੇਂਦਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੁੰਦਰ ਤਰੀਕੇ ਨਾਲ ਸਜੀ ਭਗਵਾਨ ਸ਼੍ਰੀ ਰਾਮ ਜੀ ਦੀ ਪਾਲਕੀ, ਜਗ੍ਹਾ-ਜਗ੍ਹਾ ਵੱਖ-ਵੱਖ ਕਿਸਮਾਂ ਦੇ ਭੋਜਨਾਂ ਦੇ ਲੰਗਰ, ਦੇਵੀ-ਦੇਵਤਿਆਂ ਦੇ ਜੀਵਨ ’ਤੇ ਆਧਾਰਤ ਸਜੀਆਂ ਝਾਕੀਆਂ ਤੇ ਇਨ੍ਹਾਂ ਦੇ ਦਰਸ਼ਨ ਲਈ ਸ਼ਹਿਰ ਦੀਆਂ ਸੜਕਾਂ ਦੇ ਦੋਹਾਂ ਪਾਸਿਆਂ ਉਡੀਕ ਕਰ ਰਹੇ ਸ਼ਹਿਰ ਵਾਸੀ। ਜਿਵੇਂ-ਜਿਵੇਂ ਸ਼੍ਰੀ ਰਾਮ ਜੀ ਦੀ ਸਵਾਰੀ ਅੱਗੇ ਵਧ ਰਹੀ ਸੀ, ਓਵੇਂ-ਓਵੇਂ ਰਾਮ ਭਗਤਾਂ ਦਾ ਜੋਸ਼ ਵੀ ਵਧਦਾ ਜਾ ਰਿਹਾ ਸੀ। ਮੌਕਾ ਸੀ ਸ਼੍ਰੀ ਰਾਮ ਨਵਮੀ ਮੌਕੇ ਪੰਜਾਬ ਦੇ ਇਕਮਾਤਰ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਤੋਂ ਬੁੱਧਵਾਰ ਨੂੰ ਨਿਕਲੀ ਸ਼ਾਨਦਾਰ ਸ਼ੋਭਾ ਯਾਤਰਾ ਦਾ। ਇਸ ’ਚ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਸਮੇਤ ਰਾਮ ਭਗਤਾਂ ਦਾ ਵੱਡਾ ਜਥਾ ਸ਼ਾਮਲ ਹੋਇਆ। ਇਸ ਤੋਂ ਪਹਿਲਾਂ ਸਿੱਧ ਸ਼ਕਤੀਪੀਠ ਦੇ ਵਿਹੜੇ ’ਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ’ਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਵਿੰਦਰ ਗੁਪਤਾ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ, ‘ਆਪ’ ਦੀ ਹਲਕਾ ਕੈਂਟ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਸਾਬਕਾ ਕੈਬਨਿਟ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਰਾਸ਼ਟਰੀ ਚੇਅਰਮੈਨ ਵਿਜੇ ਸਾਂਪਲਾ ਸਮੇਤ ਕਈ ਪਤਵੰਤੇ ਮੌਜੂਦ ਰਹੇ। ਇਸੇ ਤਰ੍ਹਾਂ ਮਹਾਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨ ਕਾਬਿਲ-ਏ-ਤਾਰੀਫ਼ ਹਨ। ਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਉਪਰੰਤ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਹ ਸ਼ੋਭਾ ਯਾਤਰਾ ਮੰਦਰ ਵਿਹੜੇ ਤੋਂ ਸ਼ੁਰੂ ਹੋ ਕੇ ਟਾਂਡਾ ਰੋਡ, ਅੱਡਾ ਹੁਸ਼ਿਆਰਪੁਰ, ਭਗਤ ਸਿੰਘ ਚੌਕ, ਫਗਵਾੜਾ ਗੇਟ, ਲਵਕੁਸ਼ ਚੌਕ, ਸ਼੍ਰੀ ਰਾਮ ਚੌਕ, ਭਗਵਾਨ ਵਾਲਮੀਕੀ ਚੌਕ, ਅਲੀ ਮੁਹੱਲਾ, ਬਸਤੀ ਅੱਡਾ, ਜੇਲ੍ਹ ਰੋਡ, ਪਟੇਲ ਚੌਕ, ਸਰਕੂਲਰ ਰੋਡ, ਮਾਈ ਹੀਰਾਂ ਗੇਟ ਆਦਿ ਇਲਾਕਿਆਂ ਤੋਂ ਹੁੰਦੀ ਹੋਈ ਸੰਪੰਨ ਹੋਈ। ਰਸਤੇ ’ਚ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ।
-----------------------
-ਸ਼੍ਰੀ ਦੇਵੀ ਤਲਾਬ ਮੰਦਰ ਕਮੇਟੀ ਕਰ ਰਹੀ ਹੈ ਧਰਮ ਦਾ ਪ੍ਰਚਾਰ : ਕਵਿੰਦਰ ਗੁਪਤਾ
ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਵਿੰਦਰ ਗੁਪਤਾ ਨੇ ਕਿਹਾ ਕਿ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਧਰਮ ਦਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੀ ਧਰਤੀ ਦੇਵੀ-ਦੇਵਤਿਆਂ ਤੇ ਸੰਤਾਂ ਦੀ ਧਰਤੀ ਹੈ ਤੇ ਉਨ੍ਹਾਂ ਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ।
--------------------------
- ਨਸ਼ਿਆਂ ਖ਼ਿਲਾਫ਼ ਵਿਆਪਕ ਮੁਹਿੰਮ ਚਲਾ ਰਹੀ ਹੈ ‘ਆਪ’ ਸਰਕਾਰ : ਸਿਸੋਦੀਆ
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਹੀ ਹੈ, ਜਿਸ ਨਾਲ ਨਸ਼ੇ ਦਾ ਜਾਲ ਕਮਜ਼ੋਰ ਹੋਇਆ ਹੈ। ਸਰਕਾਰ ਦੀ ਕਾਰਵਾਈ ਤੋਂ ਬਾਅਦ ਨਸ਼ਾ ਤਸਕਰਾਂ ’ਚ ਡਰ ਵਧਿਆ ਹੈ। ਉਨ੍ਹਾਂ ਨੇ ਸਭ ਨੂੰ ਸ਼੍ਰੀ ਰਾਮ ਨੋਮੀ ਦੀਆਂ ਵਧਾਈਆਂ ਵੀ ਦਿੱਤੀਆਂ।
------------------------
ਯਾਤਰਾ ਨੇ 13 ਕਿੱਲੋਮੀਟਰ ਦਾ ਸਫਰ ਕੀਤਾ ਤੈਅ
ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਤੋਂ ਨਿਕਲੀ ਸ਼ੋਭਾ ਯਾਤਰਾ ਨੇ ਸ਼ਹਿਰ ’ਚ ਲਗਭਗ 13 ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ। ਰਸਤੇ ’ਚ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਲਗਭਗ 200 ਥਾਵਾਂ ’ਤੇ ਮੰਚ ਸਜਾਏ ਗਏ, ਜਿੱਥੇ ਲੰਗਰ, ਸਵਾਗਤੀ ਪ੍ਰਬੰਧ ਤੇ ਭਗਵਾਨ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।