ਗੁਰੂ ਦਾ ਦਰਜਾ ਈਸ਼ਵਰ ਤੋਂ ਉੱਚਾ : ਸਵਾਮੀ ਪਰਮਾਨੰਦ
ਦਿਵਯ ਨੇਤਰ ਤੇ ਮੁਕਤੀ ਦਾ ਮਾਰਗ ਸਤਿਗੁਰੂ ਦੀ ਸ਼ਰਨ - ਸਵਾਮੀ ਪਰਮਾਨੰਦ
Publish Date: Mon, 06 Apr 2026 06:31 PM (IST)
Updated Date: Mon, 06 Apr 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਬਿਧੀਪੁਰ ਆਸ਼ਰਮ ’ਚ ਵਿਸ਼ਾਲ ਸਤਿਸੰਗ ਭੰਡਾਰਾ ਕਰਵਾਇਆ। ਇਸ ਮੌਕੇ ਦਿਵਯ ਗੁਰੂ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਪਰਮਾਨੰਦ ਨੇ ਸੈਂਕੜੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਗੁਰੂ ਦੀ ਮਹਿਮਾ ਬਾਰੇ ਵਿਸਥਾਰ ਨਾਲ ਪ੍ਰਵਚਨ ਕੀਤੇ। ਉਨ੍ਹਾਂ ਕਿਹਾ ਕਿ ਸਤਿਗੁਰੂ ਉਹ ਦਿਵਯ ਸ਼ਕਤੀ ਹੈ ਜੋ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਂਦੀ ਹੈ। ਸ਼ਾਸਤਰਾਂ ’ਚ ਵੀ ਗੁਰੂ ਨੂੰ ਈਸ਼ਵਰ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ, ਕਿਉਂਕਿ ਪ੍ਰਭੂ ਦੀ ਪਛਾਣ ਵੀ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੁੰਦੀ ਹੈ। ਸਵਾਮੀ ਜੀ ਨੇ ਕਿਹਾ ਕਿ ਸਤਿਗੁਰੂ ਦੀ ਕਿਰਪਾ ਅਧਿਆਤਮਿਕ ਜੀਵਨ ਦੀ ਅਧਾਰਸ਼ਿਲਾ ਹੈ। ਉਹ ਪਾਰਸ ਪੱਥਰ ਵਾਂਗ ਹੁੰਦੇ ਹਨ ਜੋ ਸਾਧਕ ਦੇ ਜੀਵਨ ਨੂੰ ਬਦਲ ਦਿੰਦੇ ਹਨ। ਸੰਸਾਰ ’ਚ ਮਿਹਨਤ ਦੇ ਬਦਲੇ ਮਜ਼ਦੂਰੀ ਮਿਲਦੀ ਹੈ ਪਰ ਗੁਰੂ ਦੇ ਦਰਬਾਰ ’ਚ ਛੋਟੀ ਜਿਹੀ ਭਗਤੀ ਦੇ ਬਦਲੇ ਵੀ ਅਸੀਮ ਕਿਰਪਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਤੇ ਦ੍ਰੌਪਦੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੱਚੀ ਭਾਵਨਾ ਨਾਲ ਕੀਤੀ ਭੇਟ ਦਾ ਫਲ ਸਦਾ ਹੀ ਕਈ ਗੁਣਾ ਵੱਧ ਮਿਲਦਾ ਹੈ। ਗੁਰੂ ਆਪਣੇ ਭਗਤਾਂ ਦੀ ਛੋਟੀ ਜਿਹੀ ਸੇਵਾ ਦਾ ਵੀ ਬੇਅੰਤ ਫਲ ਦਿੰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਨੁੱਖਾ ਜੀਵਨ ਦੀ ਸਫਲਤਾ ਲਈ ਸੱਚੇ ਸਤਿਗੁਰੂ ਦੀ ਲੋੜ ਹੈ। ਬ੍ਰਹਮ ਗਿਆਨ ਪ੍ਰਾਪਤ ਕਰਨ ਲਈ ਗੁਰੂ ਦੀ ਸ਼ਰਨ ਲੈਣੀ ਅਤਿ ਆਵਸ਼ਕ ਹੈ। ਸਤਿਗੁਰੂ ਹੀ ਦਿਵਯ ਨੇਤਰ ਖੋਲ੍ਹ ਕੇ ਆਤਮਾ ਨੂੰ ਪਰਮਾਤਮਾ ਨਾਲ ਜੋੜਦੇ ਹਨ ਤੇ ਮੁਕਤੀ ਦਾ ਮਾਰਗ ਦਰਸਾਉਂਦੇ ਹਨ। ਇਸ ਮੌਕੇ ਸਵਾਮੀ ਅਸ਼ੋਕਾਨੰਦ, ਸਵਾਮੀ ਮੇਘਾਨੰਦ, ਸਵਾਮੀ ਨਰੇਸ਼ ਤੇ ਸਵਾਮੀ ਵਰਿੰਦਰ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਲੰਧਰ ਬ੍ਰਾਂਚ ਦੀਆਂ ਸਾਧਵੀਆਂ ਵੀ ਸਮਾਗਮ ’ਚ ਹਾਜ਼ਰ ਰਹੀਆਂ।