ਜਥੇਦਾਰ ਚੀਮਾ ਦਾ ਵਿਛੋੜਾ ਪੰਥ ਲਈ ਵੱਡਾ ਘਾਟਾ : ਗੁਰਕ੍ਰਿਪਾਲ ਸਿੰਘ
ਧਰਮੀ ਯੋਧੇ ਜੱਥੇਦਾਰ ਸੁਰਜੀਤ ਸਿੰਘ ਚੀਮਾ ਦਾ ਵਿਛੋੜਾ ਸਿੱਖ ਪੰਥ ਲਈ ਵੱਡਾ ਘਾਟਾ-ਗੁਰਕ੍ਰਿਪਾਲ ਸਿੰਘ
Publish Date: Mon, 09 Mar 2026 06:39 PM (IST)
Updated Date: Mon, 09 Mar 2026 06:42 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਪੰਥ ਦੀ ਮਾਇਆਨਾਜ਼ ਹਸਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ, ਗੁਰੂ ਹਰਿਗੋਬਿੰਦ ਹਸਪਤਾਲ ਦੇ ਪਿਛਲੇ 50 ਸਾਲਾਂ ਤੋਂ ਵੱਧ ਸਮੇਂ ਤੱਕ ਚੇਅਰਮੈਨ ਦੇ ਤੌਰ ’ਤੇ ਸੇਵਾ ਨਿਭਾਉਣ ਵਾਲੇ, ਅਨੇਕਾਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਸਰਪ੍ਰਸਤੀ ਕਰਨ ਵਾਲੇ ਜੱਥੇਦਾਰ ਸੁਰਜੀਤ ਸਿੰਘ ਚੀਮਾ 91 ਸਾਲ ਦੀ ਉਮਰ ’ਚ ਬਿਮਾਰੀ ਕਾਰਨ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ।
ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਜੱਥੇਦਾਰ ਚੀਮਾ ਧਰਮੀ ਯੋਧੇ, ਸੇਵਾ ਭਾਵਨਾ ਨਾਲ ਭਰਪੂਰ ਤੇ ਸਿੱਖ ਪੰਥ ਦੇ ਅਨਮੋਲ ਹੀਰੇ ਸਨ। ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਜਿੱਥੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਸੰਗਤ ਤੇ ਪ੍ਰਬੰਧਕ ਕਮੇਟੀ ਨੂੰ ਨਿੱਜੀ ਘਾਟਾ ਪਿਆ ਹੈ ਉਥੇ ਸਮਾਜ ਦੇ ਹਰ ਵਰਗ ਦਾ ਹਿਰਦਾ ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਦੁਖੀ ਹੈ। ਜੱਥੇਦਾਰ ਚੀਮਾ ਨੇ ਤਕਰੀਬਨ 60 ਸਾਲ ਤੋਂ ਵੱਧ ਸਮੇਂ ਤੱਕ ਸਿੱਖ ਸੰਗਤ ਤੇ ਸਿੱਖ ਅਦਾਰਿਆਂ ਦੀ ਨੁਮਾਇੰਦਗੀ ਕੀਤੀ। ਇਸ ਦੇ ਨਾਲ ਹੀ ਉਹ ਬਹੁਤ ਸਫ਼ਲ ਤੇ ਉਦਯੋਗਪਤੀ ਵੀ ਸਨ। ਕਈ ਸਾਲ ਤੱਕ ਆਲ ਇੰਡੀਆ ਸਰਜੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਦਿੰਦੇ ਹੋਏ ਵਪਾਰੀਆਂ ਦੇ ਮਸਲਿਆਂ ਵੱਲ ਵੀ ਵਿਸ਼ੇਸ਼ ਤਵੱਜੋਂ ਦਿੰਦੇ ਰਹੇ। ਜੱਥੇਦਾਰ ਚੀਮਾ ਦਾ ਅੰਤਿਮ ਸਸਕਾਰ ਅੱਜ 10 ਮਾਰਚ ਨੂੰ ਸਵੇਰੇ 11.30 ਵਜੇ ਮਾਡਲ ਟਾਊਨ, ਜਲੰਧਰ ਵਿਚ ਸਥਿਤ ਸ਼ਮਸ਼ਾਨਘਾਟ ’ਚ ਹੋਵੇਗਾ।