ਅਕਾਲੀ ਕੌਂਸਲਰ, ਸਾਬਕਾ ਐੱਮਸੀ ਪਰਿਵਾਰਾਂ ਸਮੇਤ ‘ਆਪ’ ’ਚ ਸ਼ਾਮਲ
ਦੋਆਬਾ ’ਚ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ! ਅਕਾਲੀ ਦਲ ਦੇ ਕੌਂਸਲਰ, ਸਾਬਕਾ ਐੱਮਸੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ‘ਆਪ’ ’ਚ ਸ਼ਾਮਲ
Publish Date: Mon, 12 Jan 2026 08:29 PM (IST)
Updated Date: Mon, 12 Jan 2026 08:30 PM (IST)

-ਮੁੱਖ ਮੰਤਰੀ ਮਾਨ ਨੇ ਨਵੇਂ ਆਗੂਆਂ ਦਾ ‘ਆਪ’ ’ਚ ਕੀਤਾ ਸਵਾਗਤ -ਕਿਹਾ,‘ਆਪ’ ਦੇ ਵਿਜ਼ਨ ’ਚ ਲੋਕਾਂ ਦਾ ਭਰੋਸਾ ਰੋਜ਼ਾਨਾ ਵਧ ਰਿਹਾ ਹੈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੋਮਵਾਰ ਨੂੰ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ’ਚ ਅਕਾਲੀ ਦਲ ਦੇ ਨਗਰ ਕੌਂਸਲਰ ਰਮੇਸ਼ ਸੋਂਧੀ, ਸੁਖਵਿੰਦਰ ਕੌਰ ਤੇ ਗੀਤਾ ਬਸਰਾ, ਸਾਬਕਾ ਐੱਮਸੀ ਕੁਲਵਿੰਦਰ ਕੌਰ ਆਪਣੇ ਪਰਿਵਾਰਕ ਮੈਂਬਰਾਂ ਅਮਰਜੀਤ ਸਿੰਘ, ਰਵੀ ਬਸਰਾ ਤੇ ਭਾਰਤ ਰਾਜਾ ਸਮੇਤ ਸੋਮਵਾਰ ਨੂੰ ਰਸਮੀ ਤੌਰ ਤੇ ਆਪ ’ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਆਗੂਆਂ ਦਾ ਪਾਰਟੀ ’ਚ ਸਵਾਗਤ ਕੀਤਾ। ਉਨ੍ਹਾਂ ਨੇ ਆਗੂਆਂ ਨੂੰ ਜਨਤਕ ਭਲਾਈ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਤੇ ਜ਼ਮੀਨੀ ਪੱਧਰ ਤੇ ਲੋਕ-ਪੱਖੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੀਐੱਮ ਮਾਨ ਨੇ ਕਿਹਾ ਕਿ ਆਪ ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਤੇ ਜਵਾਬਦੇਹ ਰਾਜਨੀਤੀ ਦੀ ਪ੍ਰਤੀਕ ਹੈ, ਜੋ ਸਿਰਫ਼ ਲੋਕ ਸੇਵਾ ਤੇ ਕੇਂਦਰਿਤ ਹੈ। ਉਨ੍ਹਾਂ ਨਵੇਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ’ਚ ਲੋਕਾਂ ਨਾਲ ਜੁੜਨ ਤੇ ‘ਆਪ’ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਵਿਕਾਸ, ਸਮਾਜਿਕ ਨਿਆਂ ਤੇ ਆਰਥਿਕ ਤਰੱਕੀ ਦਾ ਲਾਭ ਪੰਜਾਬ ਦੇ ਹਰ ਘਰ ਤੱਕ ਪਹੁੰਚੇ। ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਨਵੇਂ ਆਗੂਆਂ ਨੇ ਕਿਹਾ ਕਿ ਉਹ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੇ ਫੈਸਲਾਕੁੰਨ ਸ਼ਾਸਨ ਤੋਂ ਡੂੰਘੇ ਪ੍ਰਭਾਵਿਤ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸੁਧਾਰਾਂ ਨੇ ਜ਼ਮੀਨੀ ਪੱਧਰ ਤੇ ਦਿਖਾਈ ਦੇਣ ਵਾਲਾ ਬਦਲਾਅ ਲਿਆਂਦਾ ਹੈ ਤੇ ਇਹ ਪਰਿਵਾਰਵਾਦ ਦੀ ਰਾਜਨੀਤੀ ਤੋਂ ਪ੍ਰਦਰਸ਼ਨ ਦੀ ਰਾਜਨੀਤੀ ਵੱਲ ਇਕ ਸਪੱਸ਼ਟ ਤਬਦੀਲੀ ਨੂੰ ਦਰਸਾਉਂਦਾ ਹੈ। ਇਸ ਮੌਕੇ ਵਿਧਾਇਕਾ ਇੰਦਰਜੀਤ ਕੌਰ ਮਾਨ, ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗ੍ਰੇਵਾਲ, ‘ਆਪ’ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ, ਪਿੰਦਰ ਪੰਡੋਰੀ, ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਮੰਗਲ ਸਿੰਘ ਬੱਸੀ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ।