ਪੰਥਕ ਅਕਾਲੀ ਲਹਿਰ ਨੇ ਮੁੱਦੇ ਹੱਲ ਕਰਨ ਦਾ ਦਿੱਤਾ ਸੁਨੇਹਾ
ਪੰਥਕ ਅਕਾਲੀ ਲਹਿਰ ਨੇ ਸਿੱਖ ਕੌਮ ਦੀ ਆਨ ਤੇ ਸ਼ਾਨ ਤੇ ਮੁੱਦਿਆਂ ਨੂੰ ਸੁਲਝਾਉਣ ਦਾ ਦਿੱਤਾ ਸੁਨੇਹਾ
Publish Date: Sat, 28 Feb 2026 09:29 PM (IST)
Updated Date: Sun, 01 Mar 2026 04:13 AM (IST)

- ਸਿੱਖਾਂ ਨਾਲ ਵਿਤਕਰੇ ਕਰਨ ’ਤੇ ਸਰਕਾਰ ਨੂੰ ਦਿੱਤੀ ਚਿਤਾਵਨੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਪੰਥਕ ਅਕਾਲੀ ਲਹਿਰ ਵੱਲੋਂ ਜਲੰਧਰ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਸਿੱਖਾਂ ਨਾਲ ਹੋ ਰਹੇ ਵਿਤਕਰੇ ’ਤੇ ਜਿਥੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ, ਉਥੇ ਹੀ ਗੁਰੂ ਘਰਾਂ ਦੇ ਸਿਧਾਂਤਾਂ ਤੇ ਸਰਮਾਏ ’ਤੇ ਕਬਜ਼ੇ ਹੋਣ ਤੋਂ ਰੋਕਣ ਦਾ ਸਿੱਖ ਕੌਮ ਨੂੰ ਸੁਨੇਹਾ ਦੇ ਕੇ ਸੁਚੇਤ ਕੀਤਾ ਹੈ ਕਿ ਨਾਨਕੀ ਸਾਹਿਬ, ਪਟਨਾ ਸਾਹਿਬ, ਦਿੱਲੀ ਪ੍ਰਬੰਧਕ ਕਮੇਟੀ ਤੇ ਹਰਿਮੰਦਰ ਕਮੇਟੀ ’ਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ। ਪ੍ਰੈੱਸ ਕਾਨਫਰੰਸ ’ਚ ਬੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਤਕਰੀਬਨ 30 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹਾਂ ’ਚ ਬੰਦ ਵਿਅਕਤੀਆਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਕਰਨਾ ਤਾਂ ਦੂਰ ਦੀ ਗੱਲ, ਉਨਾਂ ਨੂੰ ਨਾ ਕੋਈ ਪੈਰੋਲ ਦਿੱਤੀ ਗਈ ਹੈ ਤੇ ਨਾ ਕੋਈ ਸੁਣਵਾਈ ਕੀਤੀ ਗਈ ਹੈ। ਜਦਕਿ ਕਈ ਵੱਡੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਜੇਲ੍ਹ ’ਚ ਬਾਹਰ ਆਉਣ ਦੀ ਇਜਾਜ਼ਤ ਮਿਲੀ ਹੋਈ ਹੈ। ਉਨ੍ਹਾਂ 30 ਸਾਲਾਂ ਤੋਂ ਵੱਧ ਜੇਲ੍ਹਾਂ ’ਚ ਬੰਦ ਸਾਰੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ 328 ਪਾਵਨ ਸਰੂਪਾਂ ਦੇ ਮਾਮਲੇ ’ਤੇ ਵੀ ਗੰਭੀਰ ਚਿੰਤਾ ਜਤਾਈ ਤੇ ਗੁਰਦੁਆਰਾ ਅੰਬ ਸਾਹਿਬ ਦੇ ਜ਼ਮੀਨ ਘੁਟਾਲੇ ਦੇ ਮੁਲਜ਼ਮਾਂ ਦੀ ਜ਼ਮਾਨਤ ਹੋਣ ਤੇ ਉਨ੍ਹਾਂ ਦੇ ਬਚਾਅ ਲਈ ਨਿਰੰਤਰ ਯਤਨ ਕੀਤੇ ਜਾਣ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ 15 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਕਰਵਾ ਰਹੀ ਤੇ ਨਾ ਹੀ ਕਰਵਾਉਣ ਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਦੀ ਚੋਣ ਤੇ ਵੋਟ ਪਾਉਣ ਦਾ ਅਧਿਕਾਰ ਸਿੱਖ ਕੌਮ ਨੇ ਕੁਰਬਾਨੀਆਂ ਦੇ ਕੇ ਅੰਗਰੇਜ਼ ਸਰਕਾਰ ਤੋਂ ਲਿਆ ਸੀ ਪਰ ਅੱਜ ਤਕਰੀਬਨ ਸਿੱਖ ਕੌਮ ਨੂੰ ਪ੍ਰਬੰਧਕ ਕਮੇਟੀ ਦੇ ਹੱਕੀ ਅਧਿਕਾਰ ਤੋਂ ਵਾਂਝਾ ਕੀਤਾ ਗਿਆ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਗੁਰੂ ਘਰਾਂ ’ਚ ਹੋ ਰਹੇ ਘਪਲਿਆਂ ਦਾ ਜਵਾਬ ਦੇਣ ਲਈ ਕਿਹਾ। ਪ੍ਰੈੱਸ ਕਾਨਫਰੰਸ ’ਚ ਐੱਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ, ਰਵੇਲ ਸਿੰਘ, ਜੋਗਾ ਸਿੰਘ,ਅਮ੍ਰਿਤ ਸਿੰਘ, ਮੁਹਿੰਦਰ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਬਿਕਰਮਜੀਤ ਸਿੰਘ, ਤਿਰਲੋਚਨ ਸਿੰਘ, ਸਾਗਰ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਸਰੂਪ ਸਿੰਘ, ਜਗਜੀਵਨ ਸਿੰਘ ਆਦਿ ਹਾਜ਼ਰ ਸਨ।