ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਹੋਵੇ : ਬਰਾੜ
ਗੋਲੀਆਂ ਚੱਲਣ ਦੇ ਦੌਰ ‘ਚ ਖੁਦਕੁਸ਼ੀਆਂ ਦਾ ਦਰਦ ਜੁੜ ਜਾਣਾ ਪੰਜਾਬ ਲਈ ਚਿੰਤਾਜਨਕ- ਬਰਾੜ
Publish Date: Mon, 23 Mar 2026 06:41 PM (IST)
Updated Date: Mon, 23 Mar 2026 06:43 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਵੇਅਰਹਾਊਸ ਮੈਨੇਜਰ ਡਾ. ਗਗਨਦੀਪ ਸਿੰਘ ਦੀ ਖੁਦਕੁਸ਼ੀ ਦਾ ਮਾਮਲਾ ਉਸ ਵਰਤਾਰੇ ਦਾ ਹਿੱਸਾ ਹੈ, ਜਿਸ ’ਚ ਬੇਲੋੜੇ ਸਿਆਸੀ ਦਬਾਅ ਕਾਰਨ ਪੰਜਾਬ ਦੇ ਪ੍ਰਸ਼ਾਸ਼ਕੀ ਗਲਿਆਰਆਂ ’ਚ ਬੇ-ਭਰੋਸਗੀ ਤੇ ਅਨਿਸ਼ਚਤਾ ਦਾ ਮਾਹੌਲ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇੱਥੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਬੇ-ਲਗਾਮ ਹੋਈ ਵੇਖ ਕੇ ਸਿਆਸੀ ਬਦਲਾਅ ਦੀ ਆਸ ਲਈ ਬੈਠੇ ਪੰਜਾਬ ਦੇ ਲੋਕ ਮਾਯੂਸੀ ਦੇ ਆਲਮ ’ਚ ਹਨ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਪ੍ਰੈੱਸ ਦੇ ਨਾਂ ਜਾਰੀ ਕੀਤੇ ਇਕ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਮਾਮਲਾ ਬੜਾ ਹੀ ਗੰਭੀਰ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਧਿਰ ਦੇ ਅਕਸ ਨੂੰ ਸੁਧਾਰਨ ਲਈ ਇਸ ਦੇ ਮੁਖੀ ਨੂੰ ਬਹੁਤ ਪਹਿਲਾਂ ਹੀ ਲੋੜੀਂਦਾ ਕਦਮ ਚੁੱਕਣੇ ਚਾਹੀਦੇ ਸਨ।
ਬਰਾੜ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਸ਼ੁਰੂ ’ਚ ਹੀ ਕੁਝ ਅਜਿਹੇ ਲੋਕ ‘ਘੁਸਪੈਠ’ ਕਰ ਗਏ ਸਨ, ਜਿਨ੍ਹਾਂ ਦਾ ਸਿਆਸੀ ਚਰਿੱਤਰ ਪਹਿਲਾਂ ਹੀ ਦਾਗ਼ਦਾਰ ਸੀ, ਉਨ੍ਹਾਂ ਨੂੰ ਅਜੇ ਵੀ ਬਾਹਰ ਦਾ ਰਸਤਾ ਦਿਖਾਏ ਜਾਣ ਦਾ ਸਮਾਂ ਹੈ। ਖੁਦਕੁਸ਼ੀ ਮਾਮਲੇ ਦੀ ਗੰਭੀਰਤਾ ਮੰਗ ਕਰਦੀ ਹੈ ਕਿ ਇਸ ਦੀ ਜਾਂਚ ਪੜਤਾਲ ਸੀਬੀਆਈ ਕੋਲੋਂ ਕਰਵਾਈ ਜਾਵੇ। ਕਮਿਊਨਿਸਟ ਆਗੂ ਨੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੁਖੀ ਪਰਿਵਾਰ ਦਾ ਹਰ ਤਰ੍ਹਾਂ ਸਾਥ ਦੇਵੇਗੀ।