ਵਿਕਾਸ ਕੰਮ ਦੀ ਵਧਾਈ ਜਾਵੇ ਰਫ਼ਤਾਰ : ਭਗਤ
ਵਿਕਾਸ ਕੰਮ ਤੇਜ਼ ਕੀਤੇ ਜਾਣ,ਜਿਥੇ ਮਸ਼ਕਲ ਆਉਂਦੀ ਹੈ ਦੱਸਿਆ ਜਾਏ - ਮਹਿੰਦਰ ਭਗਤ
Publish Date: Wed, 15 Apr 2026 09:21 PM (IST)
Updated Date: Wed, 15 Apr 2026 09:24 PM (IST)
-ਬਰਸਾਤੀ ਮੌਸਮ ਤੋਂ ਪਹਿਲੇ ਵਿਕਾਸ ਕੰਮ ਪੂਰੇ ਕੀਤੇ ਜਾਣ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਪ੍ਰਸ਼ਾਸਨ ਵਿਕਾਸ ਕੰਮ ਤੇਜ਼ ਕਰੇ ਤੇ ਜਿਥੇ ਕਿਤੇ ਮੁਸ਼ਕਲ ਆਉਂਦੀ ਹੈ, ਉਸ ਬਾਰੇ ਅਧਿਕਾਰੀ ਜਾਣੂ ਕਰਵਾਉਣ। ਬੁੱਧਵਾਰ ਨੂੰ ਸ਼ਾਮ 5 ਵਜੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੀਟਿੰਗ ਸਰਕਟ ਹਾਊਸ ਬੁਲਾਈ ਸੀ ਜਿਸ ’ਚ ਮੇਅਰ ਵਨੀਤ ਧੀਰ ਤੋਂ ਇਲਾਵਾ ਕਮਿਸ਼ਨਰ ਸੰਦੀਪ ਰਿਸ਼ੀ, ਬੀਐਂਡਆਰ ਦੇ ਦੋਵੇਂ ਐੱਸਈ ਰਜਨੀਸਤ ਡੋਗਰਾ ਤੇ ਰਾਹੁਲ ਧਵਨ, ਓਐਂਡਐੱਮ ਦੇ ਐੱਸਈ ਜਸਪਾਲ ਸਿੰਘ, ਦੋਵਾਂ ਬ੍ਰਾਂਚਾਂ ਦੇ ਐਕਸੀਅਨ ਤੇ ਐੱਸਡੀਓਜ਼ ਆਦਿ ਸ਼ਾਮਿਲ ਹੋਏ। ਮੀਟਿੰਗ ’ਚ ਜਿਥੇ ਵੈਸਟ ਹਲਕੇ ਦੀ ਅਪਰੋਚ ਰੋਡ ਤੇ ਸੀਵਰੇਜ ਦੇ ਕੰਮ ਪੂਰੇ ਹੋਣ ’ਤੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਉਥੇ ਬਾਕੀ ਸ਼ਹਿਰ ਦੇ ਚੱਲ ਰਹੇ ਵਿਕਾਸ ਕੰਮਾਂ ਦੀ ਚਰਚਾ ਹੋਈ ਤੇ ਕਿਹਾ ਗਿਆ ਕਿ ਉਨ੍ਹਾਂ ਦੇ ਕੰਮ ਦੀ ਰਫਤਾਰ ਤੇਜ਼ ਕੀਤੀ ਜਾਵੇ। ਵਿਕਾਸ ਕੰਮਾਂ ਦੌਰਾਨ ਜੇ ਕਿਸੇ ਅਧਿਕਾਰੀ ਨੂੰ ਕੋਈ ਮੁਸ਼ਕਲ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਪ੍ਰਸ਼ਾਸਨ ਨੂੰ ਜਾਣੂ ਕਰਵਾਏ ਤਾਂ ਕੰਮਾਂ ਦੌਰਾਨ ਕੋਈ ਰੁਕਾਵਟ ਖੜ੍ਹੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁੱਹਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਅਧਿਕਾਰੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ।
----------------------
ਪਾਰਕਾਂ ਦੀ ਕੀਤਾ ਜਾਵੇ ਸੁੰਦਰੀਕਰਨ : ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾਵੇ ਤੇ ਪਾਰਕਾਂ ’ਚ ਜਿਹੜੀ ਵੀ ਕੋਈ ਕਮੀ ਦਿਖਾਈ ਦਿੰਦੀ ਹੈ, ਉਸ ਨੂੰ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ ਪਾਰਕਾਂ ਦੀ ਸਫਾਈ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
--------------------
ਬਰਸਾਤੀ ਮੌਸਮ ਤੋਂ ਪਹਿਲਾਂ ਵਿਕਾਸ ਕੰਮ ਹੋਣ : ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਮਹੀਨੇ ਬਾਅਦ ਜੁਲਾਈ ਮਹੀਨੇ ਬਰਸਾਤੀ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਚੱਲ ਰਹੇ ਵਿਕਾਸ ਕੰਮ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਸ ਸਮੇਂ ਕੋਈ ਕੰਮ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਬੀਐਂਡਆਰ ਬ੍ਰਾਂਚ ਸ਼ਹਿਰ ਦੀਆਂ ਸੜਕਾਂ ਜਿਥੇ ਪੈਚਵਰਕ ਹੋਣਾ ਹੈ, ਉਹ ਕਰੇ ਤੇ ਜਿਥੇ ਸੜਕ ਬਣਨੀ ਹੈ, ਉਥੇ ਸੜਕ ਬਣਾਉਣ ਦਾ ਕੰਮ ਕਰੇ। ਇਸ ਦੌਰਾਨ ਓਐਂਡਐੱਮ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਪਾਣੀ ਸੀਵਰੇਜ ਦੀਆਂ ਜਿਹੜੀਆਂ ਵੀ ਸ਼ਿਕਾਇਤਾਂ ਆਉਂਦੀਆਂ ਹਨ, ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਤੇ ਲੋਕਾਂ ਦੀਆਂ ਸ਼ਿਕਾਇਤਾਂ ਜੰਗੀ ਪੱਧਰ ’ਤੇ ਦੂਰ ਕੀਤੀਆਂ ਜਾਣ।